ਚੰਡੀਗੜ੍ਹ, 12 ਮਾਰਚ (ਬਿਊਰੋ)- ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਸ਼ਨੀਵਾਰ ਨੂੰ ਰਾਜਭਵਨ ਵਿਖੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਭਗਵੰਤ ਮਾਨ ਨੇ 92 ਵਿਧਾਇਕਾਂ ਸਣੇ ਰਾਜਪਾਲ ਨੂੰ ਸਮਰਥਨ ਪੱਤਰ ਸੌਂਪਿਆ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ।
ਭਗਵੰਤ ਮਾਨ ਨੇ ਰਾਜਭਵਨ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 16 ਮਾਰਚ ਨੂੰ ਦੁਪਹਿਰ 12.30 ਵਜੇ ਸਹੁੰ ਚੁੱਕ ਸਮਾਰੋਹ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਸ ਦਿਨ ਆਪਣਾ ਸਭ ਕੁੱਝ ਪੰਜਾਬ ਦੀ ਤਰੱਕੀ ਲਈ ਨਿਛਾਵਰ ਕਰਨ ਦੀ ਸਹੁੰ ਚੁੱਕਾਂਗੇ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦੌਰਾਨ ਪੂਰੇ ਪੰਜਾਬ ਤੋਂ ਲੋਕ ਆਉਣਗੇ ਅਤੇ ਭਗਤ ਸਿੰਘ ਨੂੰ ਸ਼ਰਧਾਂਜਲੀ ਵੀ ਦੇਣਗੇ।
ਉਨ੍ਹਾਂ ਕਿਹਾ ਕਿ ਉਹ ਭਗਤ ਸਿੰਘ ਦੇ ਸੁਫ਼ਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦਾ ਸੰਕਲਪ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਬਨਿਟ ਵਧੀਆ ਹੋਵੇਗੀ ਅਤੇ ਪੰਜਾਬ ਲਈ ਇਤਿਹਾਸਕ ਫ਼ੈਸਲੇ ਲਏ ਜਾਣਗੇ, ਜੋ ਪਹਿਲਾਂ ਕਦੇ ਨਹੀਂ ਲਏ ਗਏ।