ਬਰਨਾਲਾ (ਵੈੱਬ ਡੈਸਕ)—ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਬਰਨਾਲਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਸਿੱਧੂ ਨੇ ਔਰਤਾਂ ਲਈ ਵੱਡੇ ਐਲਾਨ ਕੀਤੇ। ਵੱਡੇ ਐਲਾਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਮੁੜ ਸੱਤਾ ’ਚ ਆਉਣ ’ਤੇ ਔਰਤਾਂ ਨੂੰ 2 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 8 ਸਿਲੰਡਰ ਵੀ ਦਿੱਤੇ ਜਾਣਗੇੇ। ਉਥੇ ਹੀ ਸਿੱਧੂ ਨੇ ਧੀਆਂ ਲਈ ਵੀ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ 5ਵੀਂ ਪਾਸ ਕਰਨ ਵਾਲੀਆਂ ਕੁੜੀਆਂ ਨੂੰ 5 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ 10ਵੀਂ ਪਾਸ ਕੁੜੀਆਂ ਲਈ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਦੇ ਇਲਾਵਾ ਸਿੱਧੂ ਨੇ ਕਿਹਾ ਕਿ 12ਵੀਂ ਪਾਸ ਕੁੜੀਆਂ ਨੂੰ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਰੁਪਏ ਦਿੱਤੇ ਜਾਣਗੇ। ਹੋਰ ਵੀ ਵੱਡੇ ਐਲਾਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਆਪਣਾ ਮਕਾਨ ਆਪਣੀ ਧੀ, ਮਾਂ ਦੇ ਨਾਮ ਕਰਵਾਉਂਦਾ ਹੈ, ਉਹ ਮੁਫ਼ਤ ਹੋਵੇਗਾ, ਇਸ ਦੇ ਲਈ ਕੋਈ ਪੈਸਾ ਨਹੀਂ ਲੱਗੇਗਾ। ਪੰਜਾਬ ’ਚ ਕੁੜੀਆਂ ਅਤੇ ਔਰਤਾਂ ਦੇ ਨਾਂ ’ਤੇ ਰਜਿਸਟਰੀ ਮੁਫ਼ਤ ਹੋਵੇਗੀ।