ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਕਮੇਟੀ ਦਾ ਗਠਨ

jammu/nawanpunjab.com

ਜੰਮੂ,1 ਜਨਵਰੀ (ਬਿਊਰੋ)- ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ਕਾਰਨ ਹੋਈਆਂ ਮੌਤਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਂਚ ਕਮੇਟੀ ਦੀ ਅਗਵਾਈ ਪ੍ਰਮੁੱਖ ਸਕੱਤਰ (ਗ੍ਰਹਿ) ਕਰਨਗੇ। ਇਸ ਤੋਂ ਇਲਾਵਾ ਏਡੀਜੀਪੀ ਜੰਮੂ ਅਤੇ ਡਿਵੀਜ਼ਨਲ ਕਮਿਸ਼ਨਰ ਜੰਮੂ ਵੀ ਇਸ ਦੇ ਮੈਂਬਰ ਹੋਣਗੇ। ਇੰਨਾ ਹੀ ਨਹੀਂ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਹਾਦਸੇ ‘ਚ ਜਾਨ ਗਵਾਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਕਟੜਾ ਦੇ ਬਲਾਕ ਮੈਡੀਕਲ ਅਫਸਰ ਡਾਕਟਰ ਗੋਪਾਲ ਦੱਤ ਨੇ ਭਗਦੜ ਵਿੱਚ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਰਨ ਵਾਲੇ ਸ਼ਰਧਾਲੂਆਂ ਵਿੱਚ ਜ਼ਿਆਦਾਤਰ ਦਿੱਲੀ, ਪੰਜਾਬ, ਹਰਿਆਣਾ ਦੇ ਹਨ।

ਮ੍ਰਿਤਕਾਂ ਵਿੱਚ ਜੰਮੂ ਦਾ ਇੱਕ ਸ਼ਰਧਾਲੂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ ਵੀ 20 ਤੋਂ ਵੱਧ ਹੈ। ਜ਼ਖਮੀਆਂ ਦਾ ਇਲਾਜ ਨਰਾਇਣਾ ਹਸਪਤਾਲ ਕਟੜਾ ਵਿਖੇ ਚੱਲ ਰਿਹਾ ਹੈ। ਇਹ ਘਟਨਾ ਸ਼ਨੀਵਾਰ ਤੜਕੇ 2.30 ਵਜੇ ਦੇ ਕਰੀਬ ਵਾਪਰੀ। ਭਗਦੜ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਦਰਸ਼ਨਾਂ ਲਈ ਗੇਟ ਨੰਬਰ 3 ਦੇ ਬਾਹਰ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗੀ ਹੋਈ ਸੀ। ਨਵੇਂ ਸਾਲ ‘ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਪੁੱਜੇ ਹੋਏ ਸਨ। ਫਿਲਹਾਲ ਕਟੜਾ ਤੋਂ ਯਾਤਰਾ ਰੋਕ ਦਿੱਤੀ ਗਈ ਹੈ।

Leave a Reply

Your email address will not be published. Required fields are marked *