ਸ਼ਿਮਲਾ, 10 ਜੁਲਾਈ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਸ਼ਨੀਵਾਰ ਨੂੰ ਸ਼ਿਮਲਾ ਦੇ ਰਾਮਪੁਰ ਕੋਲ ਜੋਗਨੀ ਬਾਗ਼ ‘ਚ ਸ਼ਾਹੀ ਸ਼ਮਸ਼ਾਨ ਘਾਟ ‘ਚ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਸ਼ਾਮ ਕਰੀਬ 4.30 ਵਜੇ ਅੰਤਿਮ ਸੰਸਕਾਰ ਕੀਤਾ। ਆਪਣੇ ਨੇਤਾ ਨੂੰ ਵਿਦਾਈ ਦੇਣ ਹਜ਼ਾਰਾਂ ਸਮਰਥਕ ਸ਼ਮਸ਼ਾਨ ਘਟਨਾ ‘ਤੇ ਇਕੱਠੇ ਹੋਏ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਮੌਜੂਦ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਪਾਰਟੀ ਨੇਤਾਵਾਂ ਦਾ ਇਕ ਵਫ਼ਦ ਸ਼ਨੀਵਾਰ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਸਮੇਂ ਮੌਜੂਦ ਸੀ।
ਇਸ ਵਫ਼ਦ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਾਂਗਰਸ ਦੇ ਖਜ਼ਾਨਚੀ ਪਵਨ ਕੁਮਾਰ ਬੰਸਲ ਵੀ ਸਨ। ਅੰਤਿਮ ਸੰਸਕਾਰ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਮ੍ਰਿਤਕ ਦੇਹ ਰਾਮਪੁਰ ਦੇ ਪਦਮ ਪੈਲੇਸ ਰੱਖੀ ਗਈ। ਪੌਨੇ 3 ਵਜੇ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਲਿਜਾਇਆ ਗਿਆ। ਕਾਂਗਰਸ ਦੇ ਸੀਨੀਅਰ ਨੇਤਾ ਵੀਰਭੱਦਰ ਸਿੰਘ 87 ਸਾਲ ਦੇ ਸਨ। ਉਨ੍ਹਾਂ ਦੀ ਵੀਰਵਾਰ ਨੂੰ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) ‘ਚ ਦਿਹਾਂਤ ਹੋ ਗਿਆ।