ਸਮਰਾਲਾ, 30 ਦਸੰਬਰ (ਬਿਊਰੋ)- ਪੰਜਾਬ ਆੜਤੀ ਫੈਡਰੇਸ਼ਨ ਵਲੋਂ ਵੀਰਵਾਰ ਨੂੰ ਸਮਰਾਲਾ ਵਿਖੇ ਇਕ ਵਿਸ਼ਾਲ ਇਕੱਠ ਦੌਰਾਨ ਬੀਕੇਯੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਸਮੇਤ ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ‘ਫ਼ਖ਼ਰ-ਏ-ਪੰਜਾਬ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ ਦੇ ਵਰਕਰ ਅਤੇ ਆੜਤੀ ਯੂਨੀਅਨਾਂ ਦੇ ਅਹੁਦੇਦਾਰ ਪਹੁੰਚੇ ਹੋਏ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਕਿਸਾਨ ਆਗੂਆਂ ਨੇ ਮੋਰਚੇ ਦੀ ਜਿੱਤ ਲਈ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਗਏ ਵੱਡੇ ਸਹਿਜੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇੰਨੀ ਵੱਡੀ ਲੜਾਈ ਲੋਕਾਂ ਦੀ ਇਕਮੁੱਠਤਾ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ ਸੀ। ਕਿਸਾਨ ਆਗੂਆਂ ਨੇ ਇਸ ਮੌਕੇ ਰਾਜੇਵਾਲ ਨੂੰ ਆਪਣਾ ਪ੍ਰਮੁੱਖ ਆਗੂ ਐਲਾਨੇ ਹੋਏ ਇਕ ਨਵਾਂ ਸੁਨਹਿਰਾ ਪੰਜਾਬ ਸਿਰਜਣ ਲਈ ਸੂਬੇ ਦੇ ਲੋਕਾਂ ਤੋਂ ਸਹਿਜੋਗ ਮੰਗਿਆ।
ਇਸ ਮੌਕੇ ਰਾਜੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਚੰਗੇ ਭਵਿੱਖ ਲਈ ਸੁਚੇਤ ਰਹਿਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਹਾਲੇ ਲੜਾਈ ਬਹੁਤ ਲੰਬੀ ਹੈ। ਇਸ ਲਈ ਲੋਕਾਂ ਦਾ ਏਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਤਾਕਤ ਨੂੰ ਮਜਬੂਤ ਕਰਨ ਲਈ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਸਨਮਾਨ ਸਮਾਰੋਹ ਵਿਚ ਪ੍ਰਮੁੱਖ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਕੁਲਦੀਪ ਸਿੰਘ ਵਜੀਦਪੁਰ, ਡਾਕਟਰ ਕੁਲਵੰਤ ਸਿੰਘ ਸੰਧੂ, ਪਰਮਿੰਦਰ ਸਿੰਘ ਪਾਲਮਜਰਾ, ਰੁਲਦੂ ਸਿੰਘ ਮਾਨਸਾ ਆਦਿ ਆਗੂ ਹਾਜ਼ਰ ਸਨ। ਸਮਾਗਮ ’ਚ ਆੜਤੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲਰਾ, ਹਰਪਾਲ ਸਿੰਘ ਢਿੱਲੋਂ, ਅਲਮਦੀਪ ਸਿੰਘ ਮਾਲਮਜਰਾ, ਜਤਿੰਦਰ ਗਰਗ ਆਦਿ ਦੀ ਅਗਵਾਈ ਵਿਚ ਸਾਰੇ ਕਿਸਾਨ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ।