ਖੰਨਾ, 30 ਦਸੰਬਰ (ਬਿਊਰੋ)- ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ ਨੂੰ ਹੋਏ ਬੰਬ ਧਮਾਕੇ ’ਚ ਮਾਰੇ ਗਏ ਮੁੱਖ ਮੁਲਜ਼ਮ ਗਗਨਦੀਪ ਸਿੰਘ ਗੱਗੀ ਦੇ ਪਰਿਵਾਰਿਕ ਮੈਂਬਰ ਤੇ ਕਰੀਬੀ ਰਿਸ਼ਤੇਦਾਰ ਇਸ ਤੋਂ ਪੂਰੀ ਤਰਾਂ ਜਾਣੂ ਸਨ। ਮਾਮਲੇ ਦੀ ਜਾਂਚ ’ਚ ਯਤਨਸ਼ੀਲ ਏਜੰਸੀਆਂ ਦੀ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੱਗੀ ਦੀ ਪਤਨੀ ਤੇ ਇਸਤਰੀ ਮਿੱਤਰ ਦੇ ਖਾਤੇ ਵਿਚ ਵਿਦੇਸ਼ੀ ਫ਼ੰਡਿੰਗ ਆਉਣ ਦੇ ਸਬੂਤ ਸਾਹਮਣੇ ਆਏ ਹਨ। ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਤੇ ਇਸਤਰੀ ਮਿੱਤਰ ਦੇ ਖਾਤੇ ’ਚ ਆਈ ਫ਼ੰਡਿੰਗ ਲੱਖਾਂ ਰੁਪਏ ਵਿਚ ਹੈ। ਜਿਸ ’ਚ ਜ਼ਿਆਦਾਤਰ ਫ਼ੰਡਿੰਗ ਜਰਮਨੀ ਤੋਂ ਹੋਈ ਹੈ। ਜਾਂਚ ਏਜੰਸੀਆਂ ਕੋਲ ਮੌਜੂਦ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਮੁਲਤਾਨੀ ਤੇ ਉਸ ਦੇ ਕਰੀਬੀਆਂ ਵੱਲੋਂ ਇਹ ਪੈਸਾ ਟ੍ਰਾਂਸਫ਼ਰ ਕੀਤਾ ਗਿਆ ਸੀ।
ਸੂਤਰਾਂ ਮੁਤਾਬਕ ਗੱਗੀ ਦੇ ਭਰਾ ਪ੍ਰੀਤਮ ਸਿੰਘ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੇ ਬਿਆਨ ’ਤੇ ਜਾਂਚ ਏਜੰਸੀਆਂ ਸੰਤੁਸ਼ਟ ਨਹੀਂ ਹਨ। ਇਸ ਸਬੰਧੀ ਪ੍ਰੀਤਮ ਸਿੰਘ ਵੀ ਏਜੰਸੀਆਂ ਦੇ ਸ਼ੱਕ ਦੇ ਰਾਡਾਰ ’ਤੇ ਹੈ। ਹਾਲਾਂਕਿ ਇਸ ਸਬੰਧੀ ਫ਼ਿਲਹਾਲ ਜਾਂਚ ਅਧਿਕਾਰੀ ਪੁਸ਼ਟੀ ਨਹੀਂ ਕਰ ਰਹੇ।
ਦੋਵੇਂ ਸਾਬਕਾ ਪੁਲਿਸ ਅਧਿਕਾਰੀਆਂ ਤੋਂ ਏਜੰਸੀਆਂ ਨੇ ਕੀਤੀ ਪੁੱਛਗਿੱਛ
ਖੰਨਾ ਪੁਲਿਸ ਦੇ ਦੋ ਸਾਬਕਾ ਐੱਸਐੱਚਓ ਤੋਂ ਬੁੱਧਵਾਰ ਨੂੰ ਲੁਧਿਆਣਾ ਵਿਖੇ ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ। ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਦੋਵੇਂ ਐੱਸਐੱਚਓ ਨੂੰ ਇੱਕਠੇ ਬਿਠਾ ਕੇ ਸਵਾਲ ਪੁੱਛੇ। ਏਜੰਸੀਆਂ ਨੂੰ ਗਗਨਦੀਪ ਦੇ ਜੇਲ੍ਹ ਵਿਚ ਰਹਿਣ ਵੇਲੇ ਦੋਵਾਂ ਐੱਸਐੱਚਓ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲ ਹੋਣ ਦੇ ਸਬੂਤ ਮਿਲੇ ਸਨ। ਏਜੰਸੀਆਂ ਨੂੰ ਗਗਨਦੀਪ ਦੇ ਨੈੱਟਵਰਕ ਨੂੰ ਲੈ ਕੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਆਈਬੀ ਦੇ ਅਧਿਕਾਰੀਆਂ ਵੱਲੋਂ ਕਾਂਸਟੇਬਲ ਤੋਂ ਪੁੱਛ ਪੜਤਾਲ
ਸੂਤਰਾਂ ਮੁਤਾਬਕ ਕੇਂਦਰੀ ਇੰਟੈਲੀਜੈਂਸ ਬਿਓਰੋ ਆਈਬੀ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਸਦਰ ਥਾਣਾ ਖੰਨਾ ਵਿਖੇ ਗਗਨਦੀਪ ਗੱਗੀ ਦੀ ਮਹਿਲਾ ਮਿੱਤਰ ਕਾਂਸਟੇਬਲ ਤੋਂ ਪੁੱਛਗਿੱਛ ਕੀਤੀ ਗਈ। ਦਿੱਲੀ ਤੋਂ ਆਈ ਟੀਮ ਵੱਲੋਂ ਲਗਭਗ ਪੰਜ ਘੰਟਿਆਂ ਤਕ ਕਮਲਪ੍ਰੀਤ ਤੋਂ ਗਗਨਦੀਪ ਤੇ ਬੰਬ ਧਮਾਕੇ ਸਬੰਧੀ ਪੁੱਛਗਿੱਛ ਕੀਤੀ। ਜਾਂਚ ’ਚ ਲੱਗੇ ਪੰਜਾਬ ਪੁਲਿਸ ਦੇ ਆਲ੍ਹਾ ਅਧਿਕਾਰੀ ਵੀ ਇਸਤਰੀ ਕਾਂਸਟੇਬਲ ਨੂੰ ਮਿਲੇ। ਮਾਮਲੇ ’ਚ ਹਾਲੇ ਤਕ ਕਾਂਸਟੇਬਲ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ ਪਰ ਉਸ ਤੋਂ ਲਗਾਤਾਰ ਪੁੱਛਗਿੱਛ ਪੰਜਾਬ ਤੋਂ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।