ਨਵੀਂ ਦਿੱਲੀ, 28 ਦਸੰਬਰ (ਬਿਊਰੋ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੌਰਵ ਗਾਂਗੁਲੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਗਾਂਗੁਲੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਬੀਸੀਸੀਆਈ ਦੇ ਬੌਸ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕੋਵਿਡ 19 ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਸੋਮਵਾਰ ਦੇਰ ਸ਼ਾਮ ਮਿਲੀ ਤੇ ਉਹ ਰਿਪੋਰਟ ਪਾਜ਼ੇਟਿਵ ਆਈ।
ਧਿਆਨ ਯੋਗ ਹੈ ਕਿ ਕਰੀਬ ਇਕ ਸਾਲ ਪਹਿਲਾਂ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦਾ ਭਰਾ ਸਨੇਹਾਸ਼ੀਸ਼ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ। ਉਸ ਦੌਰਾਨ ਗਾਂਗੁਲੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਇਸ ਵਾਰ ਗਾਂਗੁਲੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੌਰਵ ਗਾਂਗੁਲੀ ਨੂੰ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗਾਂਗੁਲੀ ਲੰਬੇ ਸਮੇਂ ਤੋਂ ਕੋਲਕਾਤਾ ਦੇ ਆਪਣੇ ਘਰ ਵਿਚ ਰਹਿ ਰਹੇ ਹਨ।