ਕੋਰੋਨਾ ਦੇ ਕਹਿਰ ਦੇ ਬਾਵਜੂਦ ਪੰਜ ਰਾਜਾਂ ਦੀਆਂ ਚੋਣਾਂ ਨਹੀਂ ਹੋਣਗੀਆਂ ਰੱਦ, ਚੋਣ ਕਮਿਸ਼ਨ ਨੇ ਦਿੱਤੇ ਸਖਤ ਆਦੇਸ਼

ecoa/nawanpunjab.com

ਨਵੀਂ ਦਿੱਲੀ, 28 ਦਸੰਬਰ (ਬਿਊਰੋ)- ਕੋਰੋਨਾ ਦੇ ਕਹਿਰ ਦੇ ਬਾਵਜੂਦ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਰੱਦ ਨਹੀਂ ਹੋਣਗੀਆਂ। ਇਹ ਸੰਕੇਤ ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਹੈ। ਚੋਣ ਕਮਿਸ਼ਨ ਨੇ ਚੋਣਾਂ ਵਾਲੇ ਸੂਬਿਆਂ ਉੱਤਰਾਖੰਡ, ਮਨੀਪੁਰ, ਗੋਆ, ਪੰਜਾਬ ਤੇ ਯੂਪੀ ਦੇ ਮੌਜੂਦਾ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਮਗਰੋਂ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਕੀਤੀ ਸੀ ਤੇ ਚੋਣਾਂ ਵਾਲੇ ਪੰਜ ਸੂਬਿਆਂ ਵਿੱਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਸੀ। ਕਮਿਸ਼ਨ ਨੇ ਆਈਟੀਬੀਪੀ, ਬੀਐਸਐਫ ਤੇ ਐਸਐਸਬੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਚੋਣਾਂ ਵਾਲੇ ਸਰਹੱਦੀ ਸੂਬਿਆਂ ਵਿੱਚ ਸਖ਼ਤ ਨਿਗਰਾਨੀ ਕਰਨ ਉਤੇ ਜ਼ੋਰ ਦਿੱਤਾ।
ਚੋਣ ਕਮਿਸ਼ਨ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁਲਤਵੀ ਹੋਣ ਦੀ ਕੋਈ ਸੰਭਾਵਨਾ ਨਹੀਂ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕੋਰੋਨਾ ਦੇ ਵਧਦੇ ਗ੍ਰਾਫ ਨੂੰ ਵੇਖਦਿਆਂ ਸਖਤੀ ਵਰਤਣ ਦੇ ਸੰਕੇਤ ਦਿੱਤੇ ਹਨ। ਇਹ ਵੀ ਚਰਚਾ ਹੈ ਕਿ ਚੋਣ ਕਮਿਸ਼ਨ ਚੋਣ ਰੈਲੀਆਂ ਤੇ ਰੋਡ ਸ਼ੋਅ ਉੱਪ ਪਾਬੰਦੀ ਲਾ ਸਕਦਾ ਹੈ।

ਚੋਣ ਕਮਿਸ਼ਨ ਨੇ ਸਿਹਤ ਸਕੱਤਰ ਨੂੰ ਹਦਾਇਤ ਕੀਤੀ ਕਿ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾਵੇ। ਕਮਿਸ਼ਨ ਨੇ ਨੋਟ ਕੀਤਾ ਕਿ ਯੂਪੀ, ਪੰਜਾਬ ਤੇ ਮਨੀਪੁਰ ਵਿਚ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਘੱਟ ਹੈ। ਜਦਕਿ ਗੋਆ ਤੇ ਉੱਤਰਾਖੰਡ ਵਿਚ ਇਹ 100 ਪ੍ਰਤੀਸ਼ਤ ਦੇ ਨੇੜੇ ਲੱਗ ਗਈ ਹੈ। ਦੂਜੀ ਡੋਜ਼ ਵੀ ਤੇਜ਼ੀ ਨਾਲ ਦੇਣ ਬਾਰੇ ਕਿਹਾ ਗਿਆ ਹੈ।ਸਿਹਤ ਸਕੱਤਰ ਨੇ ਚੋਣ ਕਮਿਸ਼ਨ ਨਾਲ ਮੀਟਿੰਗ ਮਗਰੋਂ ਕਿਹਾ ਹੈ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਓਮੀਕਰੋਨ ਦੇ ਜ਼ਿਆਦਾ ਫੈਲਣ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਸ ਜਿਸ ਪ੍ਰਤੀਸ਼ਤ ਨਾਲ ਹੁਣ ਵਧ ਰਹੇ ਹਨ, ਅਗਲੇ ਕੁਝ ਮਹੀਨਿਆਂ ਦੌਰਾਨ ਰੋਜ਼ਾਨਾ ਕੇਸਾਂ ਵਿੱਚ 25 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ।
ਹੁਣ ਚੋਣ ਕਮਿਸ਼ਨ ਇਸ ਦੀ ਸਮੀਖਿਆ ਕਰ ਕੇ ਫ਼ੈਸਲਾ ਲਏਗਾ। ਸਿਹਤ ਸਕੱਤਰ ਨੇ ਕਮਿਸ਼ਨ ਨੂੰ ਕੋਵਿਡ ਨਾਲ ਜੁੜੀਆਂ ਤਾਜ਼ਾ ਹਦਾਇਤਾਂ ਬਾਰੇ ਵੀ ਦੱਸਿਆ ਹੈ। ਕਮਿਸ਼ਨ ਅਗਲੇ ਮਹੀਨੇ ਚੋਣਾਂ ਦੀਆਂ ਤਰੀਕਾਂ ਬਾਰੇ ਐਲਾਨ ਕਰ ਸਕਦਾ ਹੈ। ਅੱਜ ਚੋਣ ਕਮਿਸ਼ਨ ਦੇ ਅਧਿਕਾਰੀ ਯੂਪੀ ਦਾ ਦੌਰਾ ਕਰਨਗੇ ਤੇ ਤਿਆਰੀਆਂ ਦਾ ਜਾਇਜ਼ਾ ਲੈਣਗੇ।

Leave a Reply

Your email address will not be published. Required fields are marked *