ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਘਟਨਾ ਪਿੱਛੇ ਮਾਸਟਰ ਮਾਈਂਡ : ਅਰਵਿੰਦ ਕੇਜਰੀਵਾਲ

kejri/nawanpunjab.com

ਗੁਰਦਾਸਪੁਰ, 24 ਦਸੰਬਰ (ਬਿਊਰੋ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ਪਿੱਛੇ ਕਿਸੇ ਵੱਡੇ ਮਾਸਟਰ ਮਾਈਂਡ ਦੇ ਹੱਥ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਗੁਰਦਾਸਪੁਰ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਜਿਸ ਵਿਅਕਤੀ ਨੇ ਸ੍ਰੀ ਹਰਮਿੰਦਰ ਸਾਹਿਬ ਵਿਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਭੇਜਿਆ ਗਿਆ ਹੈ, ਕੋਈ ਮਾਸਟਰ ਮਾਈਂਡ ਹੈ ਜੋ ਇਹ ਸਭ ਕਰਵਾ ਰਿਹਾ, ਜਦੋਂ ਤਕ ਉਸ (ਮਾਸਟਰ ਮਾਈਂਡ) ਤੱਕ ਨਹੀਂ ਪਹੁੰਚਿਆ ਜਾਂਦਾ, ਉਦੋਂ ਤਕ ਇਹ ਸਿਲਸਿਲੇ ਜਾਰੀ ਰਹਿਣਗੇ। ਕੇਜਰੀਵਾਲ ਨੇ ਕਿਹਾ ਕਿ ਕੁੱਝ ਲੋਕ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪਿਛਲੀਆਂ ਚੋਣਾਂ ਸਮੇਂ ਵੀ ਮੌੜ ਮੰਡੀ ਵਿਚ ਧਮਾਕਾ ਹੋਇਆ ਸੀ, ਬਰਗਾੜੀ ਕਾਂਡ ਵੀ ਚੋਣਾਂ ਸਮੇਂ ਹੀ ਵਾਪਰਿਆ ਜਦਕਿ ਹੁਣ ਫਿਰ ਉਨ੍ਹਾਂ ਲੋਕਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਹੈ।
ਕੇਜਰੀਵਾਲ ਨੇ ਕਿਹਾ ਕਿ 2016 ਵਿਚ ਬੇਅਦਬੀ ਹੋਈ, ਸਰਕਾਰਾਂ ਬਦਲ ਗਈਆਂ ਪਰ ਅਜੇ ਤਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ। ਬੇਅਦਬੀ ਦਾ ਇਨਸਾਫ ਨਾ ਦੇ ਕੇ ਪੰਜਾਬ ਸਰਕਾਰ ਕੀ ਸੰਦੇਸ਼ ਦੇ ਰਹੀ ਹੈ ਕਿ ਇਹ ਸਭ ਇਸੇ ਤਰ੍ਹਾਂ ਚੱਲਦਾ ਰਹੇਗਾ, ਅਸੀਂ ਦੋਸ਼ੀਆਂ ਨਾਲ ਖੜ੍ਹੇ ਹਾਂ। ਜੇ ਪਹਿਲਾਂ ਹੋਈ ਬੇਅਦਬੀ ਦੇ ਮਾਸਟਰ ਮਾਈਂਡ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਂਦੀ ਤਾਂ ਅੱਜ ਕਿਸੇ ਦੀ ਬੇਅਦਬੀ ਕਰਨ ਦੀ ਹਿੰਮਤ ਨਾ ਹੁੰਦੀ। ਇਸ ਤੋਂ ਇਹੀ ਲੱਗਦਾ ਕਿ ਪੰਜਾਬ ਵਿਚ ਕਮਜ਼ੋਰ ਸਰਕਾਰ ਹੈ। ਪੰਜਾਬ ਸਰਕਾਰ ਸਿਰਫ ਆਪਸ ਵਿਚ ਹੀ ਲੜ ਰਹੀ ਹੈ। ਪੰਜਾਬ ਸਰਕਾਰ ਦਾ ਪ੍ਰਧਾਨ ਮੁੱਖ ਮੰਤਰੀ ਖ਼ਿਲਾਫ਼ ਲੜ ਰਿਹਾ ਹੈ ਅਤੇ ਮੁੱਖ ਮੰਤਰੀ ਦੀ ਆਪਣੇ ਸਾਬਕਾ ਪ੍ਰਧਾਨ ਨਾਲ ਨਹੀਂ ਬਣਦੀ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਇਕ ਸਖ਼ਤ, ਸਥਿਰ ਅਤੇ ਇਮਾਨਦਾਰ ਸਰਕਾਰ ਦਿੱਤੀ ਜਾਵੇਗੀ।
ਮਜੀਠੀਆ ’ਤੇ ਝੂਠਾ ਪਰਚਾ ਦਰਜ ਕਰਕੇ ਰੌਲਾ ਪਾ ਰਹੇ ਚੰਨੀ ਤੇ ਸਿੱਧੂ
ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਨਸ਼ਾ ਹੋਰ ਵਧਿਆ ਹੈ। ਅੱਜ ਵੀ ਨਸ਼ਾ ਘਰ-ਘਰ ਤੱਕ ਪਹੁੰਚ ਰਿਹਾ ਹੈ। ਪੰਜਾਬ ਦੇ ਨੌਜਵਾਨ ਜਾਂ ਵਿਦੇਸ਼ਾਂ ਵਿਚ ਚਲੇ ਗਏ ਹਨ ਅਤੇ ਜਿਹੜੇ ਬਚ ਗਏ ਉਹ ਨਸ਼ੇ ਦੀ ਗ੍ਰਿਫਤ ਵਿਚ ਹਨ। ਪੰਜ ਸਾਲ ਬਾਅਦ ਜਦੋਂ ਚੋਣਾਂ ਆਈਆਂ ਤਾਂ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਕੇ ਪੰਜਾਬ ਸਰਕਾਰ ਰੌਲਾ ਪਾ ਰਹੀ ਹੈ। ਸਰਕਾਰ ਨੂੰ ਇਕ ਛੋਟਾ ਜਿਹਾ ਪਰਚਾ ਦਰਜ ਕਰਨ ਵਿਚ ਹੀ ਪੰਜ ਸਾਲ ਲੱਗ ਗਏ। ਪੰਜਾਬ ਸਰਕਾਰ ਦੱਸੇ ਕਿ ਇਕ ਪਰਚਾ ਦਰਜ ਕਰਨ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਕੀ ਨਸ਼ਾ ਖ਼ਤਮ ਹੋ ਗਿਆ ਹੈ। ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਗੰਦੀ ਸਿਆਸਤ ਕਰ ਰਹੇ ਹਨ, ਇਨ੍ਹਾਂ ਦਾ ਮਕਸਦ ਨਸ਼ਾ ਦੂਰ ਕਰਨਾ ਨਹੀਂ ਸਗੋਂ ਵੋਟਾਂ ਬਟੋਰਨਾ ਹੈ। ਪੰਜਾਬ ਵਿਚ ਵੱਡੇ-ਵੱਡੇ ਨਸ਼ਾ ਸਪਲਾਇਰ ਹਨ, ਉਨ੍ਹਾਂ ਨੂੰ ਕੌਣ ਫੜੇਗਾ। ਕੇਜਰੀਵਾਲ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਛੇ ਮਹੀਨੇ ਅੰਦਰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਕੇ ਦਿਖਾਂਵਾਗੇ।

Leave a Reply

Your email address will not be published. Required fields are marked *