ਚੰਡੀਗੜ੍ਹ, 14 ਦਸੰਬਰ (ਬਿਊਰੋ)- ਕਿਸਾਨ ਅੰਦੋਲਨ ਕਰਕੇ ਪੰਜਾਬ ਦੇ ਬਦਲੇ ਮਾਹੌਲ ਤੋਂ ਬੁੱਧੀਜੀਵੀ, ਪੱਤਰਕਾਰ ਤੇ ਕਲਾਕਾਰ ਕਾਫੀ ਉਮੀਦਾਂ ਲਾਈ ਬੈਠੇ ਹਨ। ਇਸ ਲਈ ਇੱਕ ਪਾਸੇ ਕਿਸਾਨਾਂ ਉੱਪਰ ਚੋਣ ਲੜਨ ਦਾ ਦਬਾਅ ਪਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਬੁੱਧੀਜੀਵੀ, ਪੱਤਰਕਾਰ ਤੇ ਕਲਾਕਾਰ ਵੀ ਸਿਆਸੀ ਤਬਦੀਲੀ ਲਈ ਹੰਭਲਾ ਮਾਰਨ ਦੀ ਰਣਨੀਤੀ ਉਲੀਕ ਰਹੇ ਹਨ। ਇਸ ਤਹਿਤ ਹੀ ਅੱਜ ਬੁੱਧੀਜੀਵੀ ਤੇ ਕਲਾਕਾਰ ਇੱਕਤਰ ਹੋਏ। ਇਸ ਮੌਕੇ ਅਮਿਤੋਜ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਬਹੁਤ ਕੁਝ ਹਾਸਲ ਹੋਇਆ ਹੈ। ਲੋਕ ਹੁਣ ਬੋਲਣ ਲੱਗੇ ਹਨ। ਲੋਕਾਂ ਅੰਦਰ ਉਮੀਦ ਪੈਦਾ ਹੋਈ ਹੈ। ਹੁਣ ਫਰਜ਼ ਬਣਦਾ ਹੈ ਕਿ ਇਸ ਨੂੰ ਚੰਗੇ ਪਾਸੇ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਭੁੱਖ ਨਹੀਂ ਸਗੋਂ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਟਰਾਂਸਪੋਰਟ, ਸਿੱਖਿਆ ਸਭ ਦਾ ਬੁਰਾ ਹਾਲ ਹੈ।
ਇਸ ਵੇਲੇ ਨਵੀਂ ਸੋਚ ਤੇ ਏਜੰਡੇ ਦੀ ਲੋੜ ਹੈ। ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਏਜੰਡਾ ਦੱਸਿਆ ਜਾਵੇਗਾ। ਜੇਕਰ ਨਹੀਂ ਮੰਨਣਗੇ ਤਾਂ ਵਿਰੋਧ ਵੀ ਕਰਾਂਗੇ। ਜਿਹੜਾ ਸਹਿਮਤ ਹੋਏਗਾ, ਉਸ ਦਾ ਸਾਥ ਵੀ ਦੇਵਾਂਗੇ। ਇਹ ਏਜੰਡਾ ਪੰਜਾਬ ਬਚਾਉਣ ਲਈ ਹੈ। ਨਵਜੋਤ ਸਿੰਘ ਦੇ ਏਜੰਡੇ ਬਾਰੇ ਅਮਿਤੋਜ ਮਾਨ ਨੇ ਕਿਹਾ ਸਿੱਧੂ ਦੱਸਣ ਉਨ੍ਹਾਂ ਕੋਲ ਕੀ ਏਜੰਡਾ ਹੈ। ਹੁਣ ਤਕ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਹੈ? ਰੇਤਾ ਵੀ ਅਜੇ ਤੱਕ ਸਸਤਾ ਨਹੀਂ ਹੋਇਆ। ਇਸ ਮੌਕੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਿਹਾ ਕਿ ਸਬੱਬ ਬਣਿਆ ਅੱਜ ਅਸੀਂ ਇਕੱਠੇ ਹੋਏ ਹਾਂ। ਸਾਰੇ ਬੁੱਧੀਜੀਵੀ ਪੰਜਾਬ ਲਈ ਇਕੱਠੇ ਹੋਏ ਹਨ। ਪੰਜਾਬ ਨੂੰ ਬਚਾਉਣ ਲਈ ਇੱਕਜੁੱਟ ਹੋਣ ਦੀ ਲੋੜ ਹੈ।