ਕਰਤਾਰਪੁਰ, 7 ਦਸੰਬਰ (ਦਲਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਤਾਰਪੁਰ ਪਹੁੰਚ ਗਏ, ਜਿਥੇ ਉਨ੍ਹਾਂ ਨੇ ਜਨਾਨੀਆਂ ਨੂੰ 1000 ਹਜ਼ਾਰ ਰੁਪਏ ਦੀ ਗਰੰਟੀ ਦੇਣ ਵਾਲੀ ਮੁਹਿੰਮ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਹਰ ਰਜਿਸਟਰਡ ਮਹਿਲਾ ਨੂੰ ਹਰੇਕ ਮਹੀਨੇ 1000 ਰੁਪਏ ਦੇਣਗੇ। ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ 1 ਹਜ਼ਾਰ ਰੁਪਏ ਮਿਲਣ ’ਤੇ ਤੁਸੀਂ ਇੱਕ ਸੂਟ ਖਰੀਦ ਲੈਣਾ ਅਤੇ ਚੰਨੀ ਨੂੰ ਕਹਿਣਾ ਕਿ ਇਹ ਮੇਰੇ ਕਾਲੇ ਭਰਾ ਨੇ ਲੈ ਕੇ ਦਿੱਤਾ ਹੈ। ਰੇਤੇ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਕਰੋੜ ਦੀ ਰੇਤਾ ਚੋਰੀ ਹੋ ਰਹੀ ਹੈ ਤੇ ਪੈਸਾ ਉੱਪਰ ਤੱਕ ਜਾ ਰਿਹਾ ਹੈ। ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ, ਉਹ ਚੋਰੀ ਹੋ ਰਹੀ ਰੇਤਾਂ ਨੂੰ ਬੰਦ ਕਰ ਦੇਣਗੇ। ਇਸ ਨਾਲ ਜੋ ਪੈਸੇ ਬੱਚਣਗੇ, ਉਹ ਪੰਜਾਬ ਦੀਆਂ ਜਨਾਨੀਆਂ ਨੂੰ ਦੇ ਦਿੱਤੇ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਇੱਕ ਮੌਕਾ ਦੇ ਕੇ ਦੇਖਣ, ਪੰਜਾਬ ਦਾ ਭਵਿੱਖ ਬਦਲ ਜਾਵੇਗਾ। ਕੇਜਰੀਵਾਲ ਦੀ ਇਸ ਰੈਲੀ ’ਚ ਇਕ ਜਨਾਨੀ ਨੇ ਭਿਖਾਰੀ ਬਣਾਉਣ ਵਾਲੇ ਬਿਆਨ ’ਤੇ ਮੁੱਖ ਮੰਤਰੀ ਚੰਨੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ 1000 ਰੁਪਏ ਲੈਣ ਨਾਲ ਕੋਈ ਵੀ ਜਨਾਨੀ ਭਿਖਾਰੀ ਨਹੀਂ ਬਣਦੀ। ਮਹਿਲਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੀਆਂ ਜਨਾਨੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੀਆਂ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਜਨਾਨੀਆਂ ਬਹੁਤ ਮਿਹਨਤੀ ਹਨ। ਉਹ ਘਰ ਦੇ ਨਾਲ-ਨਾਲ ਬਾਹਰਲਾ ਕੰਮ ਦੀ ਕਰਦੀਆਂ ਹਨ। ਜਨਾਨੀਆਂ ਨੂੰ ਬੇਨਤੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ 1000 ਰੁਪਏ ਵਾਲੀ ਗਰੰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਜਦੋਂ ਉਨ੍ਹਾਂ ਦੀ ਸਰਕਾਰ ਬਣੇਗੀ, ਉਹ ਇਸ ਨੂੰ ਲਾਗੂ ਕਰ ਦੇਣਗੇ।