ਅੰਮ੍ਰਿਤਸਰ, 2 ਦਸੰਬਰ (ਦਲਜੀਤ ਸਿੰਘ)- ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਰੋਜ਼ਾ ਪੰਜਾਬ ਦੌਰੇ ਦੌਰਾਨ ਹੁਣ ਅੰਮ੍ਰਿਤਸਰ ਦੇ ਏਅਰਪੋਰਟ ਪਹੁੰਚ ਗਏ ਹਨ। ਅੰਮ੍ਰਿਤਸਰ ਪਹੁੰਚਣ ’ਤੇ ਉਨ੍ਹਾਂ ਦਾ ‘ਆਪ’ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪਠਾਨਕੋਟ ਆ ਰਹੇ ਹਨ। ਪਠਾਨਕੋਟ ਵਿਖੇ ਉਹ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਉਪਰ ਪਾਰਟੀ ਵੱਲੋਂ ਅਯੋਜਿਤ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਚੌਥੀ ਗਰੰਟੀ ਦੇਣਗੇ ਅਤੇ ਸ਼ਾਮ ਨੂੰ ਵਾਪਸ ਦਿੱਲੀ ਚਲੇ ਜਾਣਗੇ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਬੀਤੇ ਦਿਨੀਂ ਪੰਜਾਬ ਆਏ ਸੀ, ਉਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਬਿਜਲੀ ਦੇਣ ਦੀ ਪਹਿਲੀ ਗਰੰਟੀ ਦਿੱਤੀ ਸੀ। ਫਿਰ ਉਨ੍ਹਾਂ ਨੇ ਮੁਫ਼ਤ ਸਿਹਤ ਸੇਵਾਵਾਂ ਅਤੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦੀ ਦੂਜੀ ਗਰੰਟੀ ਦਿੱਤੀ ਅਤੇ 18 ਸਾਲ ਤੋਂ ਵੱਡੀ ਉਮਰ ਦੀਆਂ ਜਨਾਨੀਆਂ ਅਤੇ ਕੁੜੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣੀ ਦੀ ਤੀਜੀ ਗਰੰਟੀ ਦਿੱਤੀ। ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਚੌਥੀ ਗਰੰਟੀ ਦੇਣ ਲਈ ਅੱਜ ਪਠਾਨਕੋਟ ਵਿਖੇ ਆ ਰਹੇ ਹਨ, ਜਿਸ ਦਾ ਲੋਕਾਂ ਵਲੋਂ ਇਤਜ਼ਾਰ ਕੀਤਾ ਜਾ ਰਿਹਾ ਹੈ।