ਮੁਕਤਸਰ ’ਚ ਪ੍ਰਦਰਸ਼ਨਕਾਰੀਆਂ ਨਾਲ ਖਹਿਬੜੇ ਸੁੱਖੀ ਰੰਧਾਵਾ ਤੇ ਰਾਜਾ ਵੜਿੰਗ, ਤੂੰ-ਤੜਾਕ ਤੱਕ ਪਹੁੰਚੀ ਗੱਲ

raja/nawanpunjab.com

ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਦਲਜੀਤ ਸਿੰਘ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੱਚੇ ਮੁਲਾਜ਼ਮਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਰੰਧਾਵਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਲਈ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹੋਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਪ ਮੁੱਖ ਮੰਤਰੀ ਦੀ ਗੱਡੀ ਰੋਕ ਲਈ। ਗੱਡੀ ਰੋਕਣ ਤੋਂ ਗੁੱਸੇ ’ਚ ਲਾਲ ਹੋਏ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੰਤਰੀ ਰਾਜਾ ਵੜਿੰਗ ਦੀ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਭੜਕੇ ਰੰਧਾਵਾ ਨੇ ਕੁਝ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਤਕ ਵੀ ਦੇ ਦਿੱਤੇ।
ਇਸ ਦੌਰਾਨ ਉਨ੍ਹਾਂ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜ਼ਮਾਂ ਦੇ ਵਿਰੋਧ ਨੂੰ ਡਰਾਮਾ ਕਰਾਰ ਦਿੱਤਾ। ਮਾਮਲਾ ਇੰਨਾ ਗਰਮਾ ਗਿਆ ਕਿ ਡਿਪਟੀ ਉਪ ਮੁੱਖ ਮੰਤਰੀ ਅਤੇ ਰਾਜਾ ਵੜਿੰਗ ਤੂੰ-ਤੜਾਕ ’ਤੇ ਉਤਰ ਆਏ। ਰਾਜਾ ਵੜਿੰਗ ਨੇ ਪ੍ਰਦਰਸ਼ਨਕਾਰੀਆਂ ਨੂੰ ਪੁੱਛਿਆ ਕਿ ਤੂੰ ਕੀ ਕਰ ਲਵੇਂਗਾ? ਇਸ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਰੰਧਾਵਾ ਵੀ ਭੜਕ ਗਏ। ਉਹ ਵੀ ਪ੍ਰਦਰਸ਼ਨਕਾਰੀ ਨੂੰ ਕਹਿਣ ਲੱਗੇ ਕਿ ਕਰ ਲਵੋ ਜੋ ਕਰਨਾ ਹੈ, ਤੂੰ ਮੈਨੂੰ ਡਰਾਏਂਗਾ? ਇਸ ਤੋਂ ਬਾਅਦ ਪੁਲਸ ਨੇ ਵਿਚ ਪੈ ਕੇ ਬਚਾਅ ਕੀਤਾ।
ਕਿਵੇਂ ਸ਼ੁਰੂ ਹੋਇਆ ਵਿਵਾਦ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਕਤਸਰ ਪਹੁੰਚੇ ਤਾਂ ਉਥੇ ਡੀ. ਸੀ. ਦਫਤਰ, ਐੱਨ. ਐੱਚ. ਐੱਮ. ਅਤੇ ਵਾਟਰ ਸਪਲਾਈ ਅਤੇ ਸੈਨੇਟੇਸ਼ਨ ਦੇ ਕੱਚੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੈਨੀਟੇਸ਼ਨ ਦੇ ਕੁੱਝ ਕਰਮਚਾਰੀ ਡਿਪਟੀ ਮੁੱਖ ਮੰਤਰੀ ਰੰਧਾਵਾ ਦੀ ਗੱਡੀ ਦੇ ਅੱਗੇ ਆ ਗਏ। ਇਸ ਤੋਂ ਬਾਅਦ ਮਾਹੌਲ ਗਰਮਾ ਗਿਆ। ਰੰਧਾਵਾ ਨੇ ਗੱਡੀ ਰੋਕੀ ਅਤੇ ਮੰਤਰੀ ਵੜਿੰਗ ਨਾਲ ਹੇਠਾਂਉਤਰ ਆਏ। ਇਸ ਤੋਂ ਬਾਅਦ ਉਹ ਪ੍ਰਦਰਸ਼ਨਕਾਰੀਆਂ ਨਾਲ ਖਹਿਬੜ ਪਏ।
ਕੀ ਬੋਲੇ ਰਾਜਾ ਵੜਿੰਗ
ਇਸ ਮੌਕੇ ਜਦੋਂ ਮੰਤਰੀ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਦੀ ਮੰਗਾਂ ਹਨ ਪਰ ਉਨ੍ਹਾਂ ਦਾ ਤਰੀਕਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਹਾਦਸਾ ਵੀ ਵਾਪਰ ਸਕਦਾ ਹੈ। ਵੜਿੰਗ ਨੇ ਕਿਹਾ ਕਿ ਮੈਂ ਮੁਲਾਜ਼ਮਾਂ ਨੂੰ ਆਖਿਆ ਕਿ ਉਪ ਮੁੱਖ ਮੰਤਰੀ ਨੂੰ ਮਿਲਵਾ ਦਿੰਦੇ ਹਾਂ। ਵੜਿੰਗ ਨੇ ਕਿਹਾ ਕਿ ਕੱਚੇ ਮੁਲਾਜ਼ਮ ਵੀ ਸਾਡਾ ਪਰਿਵਾਰ ਹਨ ਅਤੇ ਜਲਦੀ ਹੀ ਉਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੁੱਝ ਰਾਹਤ ਮਿਲ ਜਾਂਦੀ ਤਾਂ ਅੱਜ ਪ੍ਰਦਰਸ਼ਨ ਨਾ ਹੁੰਦੇ।

Leave a Reply

Your email address will not be published. Required fields are marked *