ਵੈਨਕੂਵਰ, 18 ਨਵੰਬਰ (ਦਲਜੀਤ ਸਿੰਘ)- ਕੈਨੇਡਾ ਦੇ ਪ੍ਰਸ਼ਾਂਤ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਖਦਸ਼ਾ ਹੈ। ਸ਼ਨੀਵਾਰ ਅਤੇ ਸੋਮਵਾਰ ਦਰਮਿਆਨ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ-ਤੋੜ ਮੀਂਹ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਮੁੱਖ ਖੇਤਰ ਅਤੇ ਸੂਬੇ ਦੇ ਅੰਦਰੂਨੀ ਹਿੱਸਿਆਂ ਵਿੱਚ ਪ੍ਰਮੁੱਖ ਸੜਕਾਂ ਹੜ੍ਹ ਨਾਲ ਡੁੱਬ ਗਈਆਂ ਸਨ ਜਾਂ ਜਿੱਥੇ ਜ਼ਮੀਨ ਖਿਸਕੀ ਉੱਥੇ ਉਹਨਾਂ ਦਾ ਬਾਕੀ ਬ੍ਰਿਟਿਸ਼ ਕੋਲੰਬੀਆ ਨਾਲ ਸੰਪਰਕ ਟੁੱਟ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਸ਼ਿੰਗਟਨ ‘ਚ ਕਿਹਾ,”ਬ੍ਰਿਟਿਸ਼ ਕੋਲੰਬੀਆ ‘ਚ ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆਇਆ ਹੈ ਅਤੇ ਕਈ ਲੋਕ ਮਾਰੇ ਗਏ ਹਨ। ਅਸੀਂ ਉੱਥੇ ਕੈਨੇਡੀਅਨ ਆਰਮਡ ਫੋਰਸਿਜ਼ ਸਮੇਤ ਕਈ ਤਰ੍ਹਾਂ ਦੀ ਸਹਾਇਤਾ ਭੇਜ ਰਹੇ ਹਾਂ, ਨਾਲ ਹੀ ਅਸੀਂ ਖਰਾਬ ਮੌਸਮ ਕਾਰਨ ਹੋਣ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਮੁੜ ਨਿਰਮਾਣ ਲਈ ਤਿਆਰ ਰਹਾਂਗੇ।”
ਇਸ ਦੌਰਾਨ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਛੋਟੇ ਜਿਹੇ ਅਮਰੀਕੀ ਕਸਬੇ ਸੁਮਾਸ ਦੇ ਵਸਨੀਕਾਂ ਮੁਤਾਬਕ ਉਥੇ ਹੜ੍ਹ ਨਾਲ ਤਿੰਨ ਚੌਥਾਈ ਘਰ ਪ੍ਰਭਾਵਿਤ ਹੋਏ ਹਨ। ਰਾਹਤ ਕਾਰਜ ਜਾਰੀ ਹੈ।ਇੱਥੇ ਕਈ ਦਿਨ ਤੋਂ ਮੀਂਹ ਅਤੇ ਤੂਫਾਨ ਦਾ ਕਹਿਰ ਸੀ, ਜਿਸ ਵਿਚ ਕਈ ਵੱਡੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਜਾਂ ਨੁਕਸਾਨੀਆਂ ਗਈਆਂ ਅਤੇ ਸੈਂਕੜੇ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ। ਹਾਲਾਂਕਿ ਸੁਮਸ ‘ਚ ਬੁੱਧਵਾਰ ਨੂੰ ਧੁੱਪ ਨਿਕਲੀ ਪਰ ਕਰੀਬ 500 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਵਾਸ਼ਿੰਗਟਨ ਦੇ ਗਵਰਨਰ ਜੇ ਇਨਸਲੀ ਨੇ ਸੋਮਵਾਰ ਨੂੰ 14 ਕਾਉਂਟੀਆਂ ਵਿੱਚ ਗੰਭੀਰ ਮੌਸਮ ਦੇ ਬਣੇ ਰਹਿਣ ਦੀ ਘੋਸ਼ਣਾ ਕੀਤੀ।