ਚੰਡੀਗੜ੍ਹ, 11 ਨਵੰਬਰ (ਦਲਜੀਤ ਸਿੰਘ)- ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ E.D ਵਲੋਂ ਗ੍ਰਿਫ਼ਤਾਰ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖਹਿਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਈ. ਡੀ. ਵੱਲੋਂ ਛਾਪਾ ਵੀ ਮਾਰਿਆ ਗਿਆ ਸੀ। ਦਿੱਲੀ ਤੋਂ ਆਈ ਈ. ਡੀ. ਦੀ ਟੀਮ ਵਲੋਂ ਉਦੋਂ ਉਨ੍ਹਾਂ ਦੀ ਸੈਕਟਰ-5 ਸਥਿਤ ਕੋਠੀ ‘ਚ ਛਾਪੇਮਾਰੀ ਕੀਤੀ ਗਈ ਸੀ। ਉਸ ਸਮੇਂ ਦਿੱਲੀ ਦੀ ਈ. ਡੀ. ਟੀਮ ਨਾਲ ਚੰਡੀਗੜ੍ਹ ਦੇ ਅਧਿਕਾਰੀ ਵੀ ਮੌਜੂਦ ਸਨ। ਜਿਸ ਸਮੇਂ ਈ. ਡੀ. ਦੇ ਅਧਿਕਾਰੀ ਛਾਪੇਮਾਰੀ ਕਰਨ ਪਹੁੰਚੇ ਸਨ, ਉਸ ਸਮੇਂ ਸੁਖਪਾਲ ਖਹਿਰਾ ਆਪਣੇ ਘਰ ‘ਚ ਹੀ ਮੌਜੂਦ ਸਨ। ਇਸ ਗੱਲ ਦੀ ਜਾਣਕਾਰੀ ਸੁਖਪਾਲ ਖਹਿਰਾ ਨੇ ਖ਼ੁਦ ਮੀਡੀਆ ਨੂੰ ਦਿੱਤੀ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਪਿਛਲੇ ਸਮੇਂ ਸੁਖਪਾਲ ਸਿੰਘ ਖਹਿਰਾ ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਸਨ। ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ ਵਲੋਂ ਆਪਣੀ ਧੀ ਦੇ ਵਿਆਹ ’ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਹੈ
ਧੀ ਦੇ ਵਿਆਹ ਲਈ ਬਣਵਾਏ ਸਨ 7-8 ਲੱਖ ਰੁਪਏ ਦੇ ਕੱਪੜੇ
ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ ’ਤੇ ਖਹਿਰਾ ਨੇ ਕਿਹਾ, ‘ਮੈਂ ਸਾਲ 2016 ਦੀ ਫਰਵਰੀ ਮਹੀਨੇ ’ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਨ੍ਹਾਂ ਡਿਜ਼ਾਈਨਰਾਂ ਕੋਲੋਂ ਤਿੰਨ ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇਕ-ਇਕ ਡਰੈੱਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ।’ ਖਹਿਰਾ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕਿਹੜਾ ਪਰਿਵਾਰ ਹੈ, ਜੋ ਆਪਣੇ ਬੱਚਿਆਂ ਖ਼ਾਸ ਤੌਰ ’ਤੇ ਧੀ ਦੇ ਵਿਆਹ ’ਤੇ ਖਰਚਾ ਨਹੀਂ ਕਰਦਾ। ਅਸੀਂ ਭਾਵੇਂ ਚੁੱਕ ਕੇ ਖਰਚਾ ਕਰੀਏ, ਬੱਚਿਆਂ ਦੇ ਵਿਆਹ ’ਚ ਅਸੀਂ ਕੋ ਘਾਟ ਨਹੀਂ ਛੱਡਦੇ।
ਉਸ ਸਮੇਂ ਖਹਿਰਾ ਨੇ ਕਿਹਾ ਸੀ ਕਿ ‘ਇਸ ਗੱਲ ਨੂੰ ਇੰਝ ਬਣਾ ਦਿੱਤਾ ਗਿਆ, ਜਿਵੇਂ ਮੈਂ ਬਹੁਤ ਵੱਡੀ ਮਨੀ ਲਾਂਡਰਿੰਗ ਕੀਤੀ ਹੈ। ਮੈਂ ਉਨ੍ਹਾਂ ਕੋਲੋਂ ਜੋ ਕੱਪੜੇ ਖਰੀਦੇ, ਉਨ੍ਹਾਂ ਦੀ ਪੇਮੈਂਟ ਕੀਤੀ ਹੈ। ਇਹ ਪੈਸਾ ਮੈਂ ਆਪਣੇ ਜਲੰਧਰ ਦੇ ਬੈਂਕ ’ਚੋਂ ਕਢਵਾ ਕੇ ਦਿੱਤਾ ਹੈ, ਜਿਥੇ ਮੇਰੀ ਐਗਰੀਕਲਚਰ ਦੀ ਲਿਮਿਟ ਸੀ। ਉਸ ’ਚੋਂ ਕਢਵਾ ਕੇ ਮੈਂ ਇਹ ਪੈਸੇ ਕੈਸ਼ ਦਿੱਤੇ ਹਨ।’ ਖਹਿਰਾ ਨੇ ਇਹ ਵੀ ਕਿਹਾ ਸੀ ਕਿ, ‘ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ ਜੋ ਆਪਣੀ ਧੀ ਦੇ ਵਿਆਹ ’ਤੇ 50-50 ਲੱਖ ਰੁਪਏ ਦਾ ਲਹਿੰਗਾ ਹੀ ਖਰੀਦਦੇ ਹਨ। ਉਨ੍ਹਾਂ ਨੂੰ ਜਾ ਕੇ ਕੋਈ ਨਹੀਂ ਫੜਦਾ। ਕਈਆਂ ਦੇ ਬਿੱਲ ਇਨ੍ਹਾਂ ਡਿਜ਼ਾਈਨਰਾਂ ਕੋਲ ਕਰੋੜਾਂ ਰੁਪਏ ਦੇ ਵੀ ਹੋਣਗੇ, ਉਨ੍ਹਾਂ ਨੂੰ ਤਾਂ ਕੋਈ ਛੇੜਦਾ ਨਹੀਂ। ਮੈਂ ਜੇ 7-8 ਲੱਖ ਰੁਪਏ ਦੀ ਚੀਜ਼ ਆਪਣੀ ਧੀ ਲਈ ਲੈ ਲਈ, ਇਹ ਉਨ੍ਹਾਂ ਨੂੰ ਬਹੁਤ ਚੁੱਬੀ ਹੈ।’