ਬਾੜਮੇਰ, 10 ਨਵੰਬਰ (ਦਲਜੀਤ ਸਿੰਘ)- ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਘਟਨਾ ’ਚ ਬੱਸ ’ਚ ਸਵਾਰ 5 ਲੋਕ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਉੱਥੇ ਹੀ ਕਰੀਬ ਅੱਧਾ ਦਰਜਨ ਯਾਤਰੀ ਝੁਲਸ ਜਾਣ ਦੀ ਜਾਣਕਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਫਾਇਰ ਵਿਭਾਗ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਹ ਹਾਦਸਾ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ ਦੇ ਜੋਧਪੁਰ ਹਾਈਵੇਅ ’ਤੇ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ।
ਅਚਾਨਕ ਅੱਗ ਲੱਗਣ ਕਾਰਨ ਬੱਸ ’ਚ ਬੈਠੀਆਂ ਸਵਾਰੀਆਂ ’ਚ ਅਫ਼ੜਾ-ਦਫੜੀ ਮਚ ਗਈ। ਅੱਗ ’ਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਖ਼ਬਰ ਹੈ। ਹਾਦਸੇ ’ਚ ਝੁਲਸੇ ਹੋਏ ਲੋਕਾਂ ਨੂੰ ਬਾਲੋਤਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਮਗਰੋਂ ਹਾਈਵੇਅ ਦੇ ਦੋਹਾਂ ਪਾਸੇ ਲੰਬਾ ਜਾਮ ਲੱਗ ਗਿਆ। ਘਟਨਾ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਬਾੜਮੇਰ ਵਿਚ ਹੋਏ ਬੱਸ-ਟਰੱਕ ਹਾਦਸੇ ਦੇ ਸਬੰਧ ’ਚ ਜ਼ਿਲ੍ਹਾ ਕਲੈਕਟਰ ਬਾੜਮੇਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਰਾਹਤ ਅਤੇ ਬਚਾਅ ਕੰਮਾਂ ਦੇ ਸਬੰਧ ਵਿਚ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਝੁਲਸੇ ਲੋਕਾਂ ਦਾ ਬਿਹਤਰ ਇਲਾਜ ਯਕੀਨੀ ਕੀਤਾ ਜਾਵੇਗਾ।