ਬੇਅਦਬੀ ਮਾਮਲਾ: ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਪੰਜਾਬ ਪੁਲਸ ਦੀ ਸਿਟ ਪਹੁੰਚੀ ਰੋਹਤਕ

rahim/nawanpunjab.com

ਰੋਹਤਕ, 8 ਨਵੰਬਰ (ਦਲਜੀਤ ਸਿੰਘ)- ਪੰਜਾਬ ਪੁਲਸ ਦਾ ਇਕ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ 2015 ਦੇ ਬੇਅਦਬੀ ਮਾਮਲੇ ’ਚ ਪੁੱਛ-ਗਿੱਛ ਲਈ ਸੋਮਵਾਰ ਸਵੇਰੇ ਇੱਥੋਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ। ਬੇਅਦਬੀਮਾਮਲੇ ਵਿਚ ਸਿਟ ਰਾਮ ਰਹੀਮ ਤੋਂ ਪੁੱਛ-ਗਿੱਛ ਕਰੇਗੀ। ਦੱਸ ਦੇਈਏ ਕਿ ਸਾਧਵੀ ਯੌਨ ਸ਼ੋਸ਼ਣ ਦੇ ਦੋਸ਼ ’ਚ 2017 ’ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਸੁਨਾਰੀਆ ਜੇਲ੍ਹ ’ਚ ਬੰਦ ਹੈ। ਰਾਮ ਰਹੀਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਮਾਮਲੇ ਵਿਚ ਦੋਸ਼ੀ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੰਸਪੈਕਟਰ ਜਨਰਲ ਐੱਸ. ਪੀ. ਐੱਸ. ਪਰਮਾਰ ਦੀ ਅਗਵਾਈ ਵਿਚ 4 ਮੈਂਬਰੀ ਵਿਸ਼ੇਸ਼ ਜਾਂਚ ਦਲ ਸਵੇਰੇ ਰਾਜਪੁਰਾ ਤੋਂ ਸੁਨਾਰੀਆ ਜੇਲ੍ਹ ਲਈ ਰਵਾਨਾ ਹੋਇਆ।

ਟੀਮ ਦੇ ਹੋਰ ਮੈਂਬਰਾਂ ਵਿਚ ਸੀਨੀਅਰ ਪੁਲਸ ਸੁਪਰਡੈਂਟ ਐੱਮ. ਐੱਸ. ਭੁੱਲਰ, ਪੁਲਸ ਡਿਪਟੀ ਸੁਪਰਡੈਂਟ ਲਖਵੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸ਼ਾਮਲ ਹਨ। ਤਕਰੀਬਨ ਇਕ ਦਰਜਨ ਗੱਡੀਆਂ ਦਾ ਕਾਫ਼ਿਲਾ ਸੁਨਾਰੀਆ ਜੇਲ੍ਹ ਪਹੁੰਚਿਆ। ਓਧਰ ਪਰਮਾਰ ਨੇ ਰੋਹਤਕ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਾਂਚ ਦੀ ਪ੍ਰਕਿਰਿਆ ਹੈ, ਜਿਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਇਹ ਪੁੱਛੇ ਜਾਣ ’ਤੇ ਕਿ ਡੇਰਾ ਸੱਚਾ ਸੌਦਾ ਮੁਖੀ ਤੋਂ ਪੁੱਛ-ਗਿੱਛ ਕਿੰਨੇ ਸਮੇਂ ਤੱਕ ਚਲ ਸਕਦੀ ਹੈ, ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਹ ਸਹਿਯੋਗ ਕਰਦੇ ਹਨ ਜਾਂ ਨਹੀਂ। ਉਨ੍ਹਾਂ ਦੇ ਜਵਾਬ ਉੱਚਿਤ ਹਨ ਜਾਂ ਨਹੀਂ।

Leave a Reply

Your email address will not be published. Required fields are marked *