ਅੰਮ੍ਰਿਤਸਰ 29 ਅਕਤੂਬਰ (ਬਿਊਰੋ)- ਕੇਂਦਰ ਸਰਕਾਰ ਵਲੋਂ ਬੀ.ਐੱਸ.ਐੱਫ. ਨੂੰ ਪੰਜਾਬ ‘ਚ 15 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਦਾ ਅਧਿਕਾਰ ਦੇਣ ਦੇ ਵਿਰੋਧ ਅਤੇ ਪੰਜਾਬ ਦੇ ਅਧਿਕਾਰਾਂ ਅਤੇ ਸੰਘੀ ਸਰੂਪ ‘ਤੇ ਮਾਰੇ ਡਾਕੇ ਦੇ ਫ਼ੈਸਲੇ ਖ਼ਿਲਾਫ਼, ਜੋ ਕੇਂਦਰ ਅਤੇ ਸੂਬਾ ਸਰਕਾਰ ਦੀ ਮਿਲੀਭੁਗਤ ਤਹਿਤ ਲਿਆ ਗਿਆ, ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਮਾਰਚ ਕੱਢਿਆ। ਅਕਾਲੀ ਦਲ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਦੀ ਅਗਵਾਈ ‘ਚ ਵਾਹਗਾ ਬਾਰਡਰ, ਅਟਾਰੀ ਤੋਂ ਗੋਲਡਨ ਗੇਟ, ਅੰਮ੍ਰਿਤਸਰ ਤੱਕ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ। ਇਸ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਹਨ। ਅਕਾਲੀ ਵਰਕਰਾਂ ਦਾ ਕਾਫ਼ਲਾ ਮੋਟਰਸਾਈਕਲਾਂ ’ਤੇ ਰਵਾਨਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਆਪਣਾ ਰੋਹ ਵਿਅਕਤ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਵਿਰੋਧ ਮਾਰਚ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ।