ਸ਼੍ਰੋਮਦੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਖਿਰਕਾਰ ਕਾਂਗਰਸ ਪਾਰਟੀ ਨੇ ਇਹ ਮੰਨ ਲਿਆ ਹੈ ਕਿ ਉਹ ਹੀ ਉਹਨਾਂ ਵਿਵਾਦਗ੍ਰਸਤ ਤਿੰਨ ਖੇਤੀ ਕਾਨੂੰਨ ਤਿਆਰ ਕਰਨ ਪਿੱਛੇ ਮੁੱਖ ਧਿਰ ਸੀ ਜਿਸਦਾ ਵਿਰੋਧ ਪਿਛਲੇ ਇਕ ਸਾਲ ਤੋਂ ਦੇਸ਼ ਦੇ ਕਿਸਾਨ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੁਦ ਬਿੱਲੀ ਥੈਲੇ ਵਿਚੋਂ ਬਾਹਰ ਲਿਆਂਦੀ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਇਹ ਕਾਨੁੰਨ ਬਣਾਉਣ ਦੇ ਪਿੱਛੇ ਮੁੱਖ ਧਿਰ ਸਨ ਤੇ ਉਹਨਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਉਹਨਾ ਵੱਲੋਂ ਮੁੱਖ ਮੰਤਰੀਆਂ ਦੀ ਉਸ ਉਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿਚ ਭਾਗ ਲੈਂਦੇ ਰਹੇ ਜਿਸਨੇ ਤਿੰਨ ਖੇਤੀ ਆਰਡੀਨੈਂਸ ਤਿਆਰ ਕੀਤੇ ਜਿਹਨਾਂ ਨੁੰ ਬਾਅਦ ਵਿਚ ਕਾਨੂੰਨਾਂ ਵਿਚ ਬਦਲਿਆ ਗਿਆ।