ਅਕਾਲੀ ਦਲ ਖਿਲਾਫ ਲੋਕ ਇਨਸਾਫ਼ ਪਾਰਟੀ ਦੇ ਮਾਰਚ ‘ਚ ਹੰਗਾਮਾ, ਦੋਵਾਂ ਧਿਰਾਂ ਵੱਲੋਂ ਗੰਭੀਰ ਇਲਜ਼ਾਮ

badal/nawanpunjab.com

ਲੁਧਿਆਣਾ, 22 ਅਕਤੂਬਰ (ਦਲਜੀਤ ਸਿੰਘ)- ਸ਼ਹਿਰ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਲੋਕ ਇਨਸਾਫ਼ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਮਾਰਚ ਕੱਢਿਆ ਗਿਆ। ਉਨ੍ਹਾਂ ਵੱਲੋਂ ਹਰੀਸ਼ ਰਾਏ ਢਾਂਡਾ ਦੇ ਪੁਤਲੇ ਨੂੰ ਗਧੇ ਉੱਪਰ ਬਿਠਾਇਆ ਗਿਆ ਤੇ ਕਿਹਾ ਕਿ ਅਕਾਲੀ ਦਲ ਗੰਦੀ ਰਾਜਨੀਤੀ ਕਰ ਰਿਹਾ ਹੈ। ਦੱਸ ਦਈਏ ਕਿ ਸਿਮਰਜੀਤ ਬੈਂਸ ‘ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ। ਇਸੇ ਨੂੰ ਲੈ ਕੇ ਅਕਾਲੀ ਦਲ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਮਾਰਚ ਕੱਢਿਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਵੀ ਲੁਧਿਆਣਾ ਵਿੱਚ ਹੀ ਸਨ। ਉਨ੍ਹਾਂ ਨੂੰ ਚੂੜੀਆਂ ਦਿਖਾਉਣ ਲਈ ਜਦੋਂ ਲੋਕ ਇਨਸਾਫ ਪਾਰਟੀ ਦੇ ਆਗੂ ਅੱਗੇ ਵਧੇ ਤਾਂ ਉਨ੍ਹਾਂ ਨੂੰ ਮੌਕੇ ‘ਤੇ ਹੀ ਰੋਕ ਲਿਆ ਗਿਆ। ਪ੍ਰਦਰਸ਼ਨ ਦੌਰਾਨ ਬੈਂਸ ‘ਤੇ ਇਲਜ਼ਾਮ ਲਗਾਉਣ ਵਾਲੀ ਦੂਸਰੀ ਮਹਿਲਾ ਵੀ ਮੌਕੇ ‘ਤੇ ਪਹੁੰਚ ਗਈ ਜਿਸ ਨੇ ਬੈਂਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਵੀ ਕੁਝ ਵਰਕਰ ਮੌਕੇ ‘ਤੇ ਪਹੁੰਚ ਗਏ। ਮਾਹੌਲ ਤਣਾਅਪੂਰਨ ਹੋ ਗਿਆ, ਪਰ ਪੁਲਿਸ ਨੇ ਮਾਹੌਲ ਸ਼ਾਂਤ ਕਰਵਾਇਆ। ਇਸ ਦੌਰਾਨ ਪੀੜਤਾ ਦੇ ਹੱਥਾਂ ਵਿੱਚੋਂ ਲੋਕ ਇਨਸਾਫ਼ ਪਾਰਟੀ ਦੇ ਵਰਕਰ ਪੋਸਟਰ ਖੋਂਹਦੇ ਵੀ ਵਿਖਾਈ ਦਿੱਤੇ। ਇੱਕ ਪਾਸੇ ਜਿੱਥੇ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ ਨੇ ਕਿਹਾ ਕਿ ਅਕਾਲੀ ਦਲ ਗੰਦੀ ਰਾਜਨੀਤੀ ਕਰ ਰਿਹਾ ਹੈ। ਹਰੀਸ਼ ਰਾਏ ਢਾਂਡਾ ਮਹਿਲਾਵਾਂ ਨੂੰ ਇਹ ਸਭ ਕਰਨ ਲਈ ਕਹਿ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਾਰ ਕੌਂਸਲ ਨੂੰ ਉਸ ਦਾ ਲਾਈਸੈਂਸ ਰੱਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਚੂੜੀਆਂ ਹਰੀਸ਼ ਰਾਏ ਢਾਂਡਾ ਨੂੰ ਦੇਣ ਜਾ ਰਹੇ ਹਨ। ਦੂਜੇ ਪਾਸੇ ਬਲਾਤਕਾਰ ਦੇ ਸਭ ਤੋਂ ਪਹਿਲਾਂ ਇਲਜ਼ਾਮ ਲਗਾਉਣ ਵਾਲੀ ਮਹਿਲਾ ਵੀ ਮੌਕੇ ‘ਤੇ ਪਹੁੰਚ ਗਈ ਜਿਸ ਨੇ ਕਿਹਾ ਕਿ ਭਾਵੇਂ ਦੂਸਰੀ ਮਹਿਲਾ ਨੇ ਦਬਾਅ ਵਿੱਚ ਆਪਣੇ ਇਲਜ਼ਾਮ ਵਾਪਸ ਲੈ ਲਏ ਗਏ ਹਨ ਤੇ ਉਹ ਪਿੱਛੇ ਹਟ ਗਈ ਹੈ, ਪਰ ਉਹ ਇਨਸਾਫ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਬੈਂਸ ਦੇ ਸਮਰਥਕਾਂ ਵੱਲੋਂ ਉਸ ਨਾਲ ਧੱਕਾਮੁੱਕੀ ਵੀ ਕੀਤੀ ਗਈ ਹੈ।ਉਧਰ ਮੌਕੇ ‘ਤੇ ਹਰੀਸ਼ ਰਾਏ ਢਾਂਡਾ ਵੀ ਪਹੁੰਚ ਗਏ ਜਿਨ੍ਹਾਂ ਨੇ ਕਿਹਾ ਕਿ ਗੁੰਡਾਤੰਤਰ ਹੈ। ਉਨ੍ਹਾਂ ਕਿਹਾ ਕਿ ਬੈਂਸ ਦੇ ਸਮਰਥਕ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਹੁਕਮ ਜਾਰੀ ਕਰਨ ਦੇ ਬਾਵਜੂਦ ਪੁਲਿਸ ਐਕਸ਼ਨ ਨਹੀਂ ਲੈ ਰਹੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਸਮੀਰ ਵਰਮਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਘਿਰਾਓ ਕਰਨਾ ਸੀ ਪਰ ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ। ਉਨ੍ਹਾਂ ਕਿਹਾ ਕਿ ਹੰਗਾਮਾ ਕਰਨ ਵਾਲੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਾਂਚ ਪੜਤਾਲ ਜਾਰੀ ਹੈ।

Leave a Reply

Your email address will not be published. Required fields are marked *