ਲਖਨਊ, 21 ਅਕਤੂਬਰ (ਦਲਜੀਤ ਸਿੰਘ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਨ੍ਹਾਂ ਨਾਲ ਤਸਵੀਰਾਂ ਲੈਣ ਵਾਲੀਆਂ ਮਹਿਲਾ ਪੁਲਸ ਕਰਮੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕਰਨ ’ਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘੇਰਿਆ। ਪ੍ਰਿਯੰਕਾ ਨੇ ਮਹਿਲਾ ਪੁਲਸ ਕਰਮੀਆਂ ਨਾਲ ਆਪਣੀ ਇਕ ਤਸਵੀਰ ਟਵੀਟ ਕਰਦੇ ਹੋਏ ਲਿਿਖਆ ਕਿ ਖ਼ਬਰ ਆ ਰਹੀ ਹੈ ਕਿ ਇਸ ਤਸਵੀਰ ਤੋਂ ਯੋਗੀ ਜੀ ਇੰਨੇ ਦੁਖੀ ਹੋ ਗਏ ਕਿ ਉਹ ਇਨ੍ਹਾਂ ਮਹਿਲਾ ਪੁਲਸ ਕਰਮੀਆਂ ਖ਼ਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੇ ਨਾਲ ਸੈਲਫੀ ਲੈਣਾ ਗੁਨਾਹ ਹੈ ਤਾਂ ਇਸ ਦੀ ਸਜ਼ਾ ਵੀ ਮੈਨੂੰ ਮਿਲੇ। ਇਨ੍ਹਾਂ ਹੋਣਹਾਰ ਪੁਲਸ ਕਰਮੀਆਂ ਦਾ ਕਰੀਅਰ ਖ਼ਰਾਬ ਕਰਨਾ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ।
ਦੱਸਣਯੋਗ ਹੈ ਕਿ ਆਗਰਾ ਦੇ ਇਕ ਥਾਣੇ ਦੇ ਮਾਲਖਾਨੇ ਤੋਂ ਨਕਦੀ ਚੋਰੀ ਦੇ ਦੋਸ਼ੀ ਦੀ ਪੁਲਸ ਹਿਰਾਸਤ ’ਚ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਮਿਲਣ ਜਾਂਦੇ ਸਮੇਂ ਪ੍ਰਿਯੰਕਾ ਨੂੰ ਲਖਨਊ-ਆਗਰਾ ਐਕਸਪ੍ਰੈੱਸ ਵੇਅ ’ਤੇ ਬੁੱਧਵਾਰ ਨੂੰ ਰੋਕ ਲਿਆ ਗਿਆ ਸੀ। ਇਸ ਦੌਰਾਨ ਉੱਥੇ ਮੌਜੂਦ ਮਹਿਲਾ ਪੁਲਸ ਕਰਮੀਆਂ ਨੇ ਉਨ੍ਹਾਂ ਨਾਲ ਸੈਲਫੀ ਲਈ ਸੀ। ਲਖਨਊ ਪੁੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਜਨਰਲ ਸਕੱਤਰ ਨਾਲ ਮਹਿਲਾ ਪੁਲਸ ਕਰਮੀਆਂ ਵਲੋਂ ਸੈਲਫੀ ਲੈਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।