ਸਿਰਸਾ/ਬਠਿੰਡਾ, 2 ਅਗਸਤ (ਦਲਜੀਤ ਸਿੰਘ)- ਕਾਲਾਂਵਾਲੀ ਬਲਾਕ ਦੇ ਪਿੰਡ ਦਾਦੂ ਦੇ ਲੋਕਾਂ ਨੇ ਪੰਚਾਇਤ ’ਚ ਲਿਖਤੀ ਮਤਾ ਪਾ ਕੇ ਹਰਿਆਣਾ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਕੀਤਾ ਹੈ। ਪਿੰਡ ਵਾਲਿਆਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜੋ ਕੋਈ ਦਾਦੂਵਾਲ ਕੋਲ ਜਾਵੇਗਾ, ਉਸਦਾ ਵੀ ਬਾਈਕਾਟ ਕੀਤਾ ਜਾਵੇਗਾ। ਦਾਦੂ ਪਿੰਡ ’ਚ ਹੋਈ ਪੰਚਾਇਤ ’ਚ ਵੱਡੀ ਗਿਣਤੀ ’ਚ ਪਿੰਡ ਵਾਸੀ ਤੇ ਕਿਸਾਨ ਮੌਜੂਦ ਸਨ। ਪੰਚਾਇਤ ’ਚ ਸ਼ਾਮਲ ਗੁਰਦਾਸ ਸਿੰਘ, ਦਲੀਪ ਸਿੰਘ, ਮੰਦਰ ਸਿੰਘ, ਜਗਬੀਰ ਸਿੰਘ, ਜਲੌਰ ਸਿੰਘ, ਮੇਵਾ ਮਾਨ, ਗੇਲਾ ਨੰਬਰਦਾਰ, ਗੁਰਪਾਲ ਸਿੰਘ ਤੇ ਹੋਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦਾਦੂਵਾਲ ਭਾਜਪਾ ਲੀਡਰਾਂ ਨੂੰ ਪਿੰਡ ’ਚ ਬੁਲਾ ਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਜੇਕਰ ਪਿੰਡ ’ਚ ਕੋਈ ਅਨਹੋਣੀ ਘਟਨਾ ਹੁੰਦੀ ਹੈ ਤਾਂ ਉਸਦਾ ਜ਼ਿੰਮੇਵਾਰ ਦਾਦੂਵਾਲ ਹੀ ਹੋਵੇਗਾ। ਜਦੋਂ ਸਾਰੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਤਾਂ ਦਾਦੂਵਾਲ ਪਿੰਡ ’ਚ ਭਾਜਪਾ ਲੀਡਰਾਂ ਨੂੰ ਕਿਉਂ ਬੁਲਾ ਰਿਹਾ ਹੈ। ਕਿਸਾਨ ਨੇਤਾ ਗੁਰਦਾਸ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਦਾਦੂਵਾਲ ਭਾਜਪਾ ਦਾ ਏਜੰਟ ਹੈ।
ਬਾਈਕਾਟ ਕਰਨ ਵਾਲੇ ਬਾਦਲਾਂ ਦੇ ਲੋਕ ਹਨ, ਇਹ ਪਹਿਲਾਂ ਤੋਂ ਹੀ ਮੇਰੇ ਵਿਰੋਧੀ ਹਨ : ਦਾਦੂਵਾਲ
ਉਥੇ ਹੀ, ਇਸ ਪੂਰੇ ਮਾਮਲੇ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ ਮੇਰਾ ਵਿਰੋਧ ਕਰਦੇ ਆ ਰਹੇ ਹਨ। ਪਿੰਡ ’ਚ ਦੋ ਗੁਰਦੁਆਰਾ ਸਾਹਿਬ ਹਨ, ਇਹ ਵਿਰੋਧੀ ਧਿਰ ਦੇ ਲੋਕ ਹਨ। ਦਾਦੂਵਾਲ ਨੇ ਕਿਹਾ ਕਿ ਮੈਂ ਨਸ਼ਿਆਂ ਦਾ ਵਿਰੋਧੀ ਹਾਂ, ਇਹ ਗੱਲ ਇਨ੍ਹਾਂ ਲੋਕਾਂ ਨੂੰ ਪੰਸਦ ਨਹੀਂ ਹੈ। ਇਹ ਲੋਕ ਬਾਦਲਾਂ ਦੇ ਸਮਰਥਕ ਹਨ, ਬਾਦਲਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ, ਇਹ ਉਸਦਾ ਹੀ ਕੰਮ ਹੈ। ਅੱਜ ਤੋਂ ਕਈ ਸਾਲ ਪਹਿਲਾਂ ਵੀ ਅਜਿਹੀ ਗੱਲ ਕੀਤੀ ਗਈ ਸੀ ਪਰ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਫਰਕ ਨਹੀਂ ਪਿਆ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਐੱਸ. ਸੀ. ਕਮੀਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਿਰਸਾ ਦੌਰੇ ’ਤੇ ਆਏ ਸਨ। ਉਨ੍ਹਾਂ ਨੇ ਦਾਦੂ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਜਥੇ. ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨੀ ਸੀ, ਜਦ ਕਿਸਾਨਾਂ ਨੂੰ ਇਸਦੀ ਸੂਚਨਾ ਮਿਲੀ ਤਾਂ ਉਹ ਵਿਰੋਧ ’ਚ ਇਕੱਠੇ ਹੋ ਗਏ। ਕਿਸਾਨਾਂ ਦੇ ਵਿਰੋਧ ਵਜੋਂ ਹੀ ਸਾਂਪਲਾ ਦਾਦੂ ਪਿੰਡ ਨਹੀਂ ਗਏ ਤੇ ਸਿਰਸਾ ਦੇ ਇਕ ਨਿੱਜੀ ਰਿਜ਼ੋਰਟ ’ਚ ਰੁਕਣ ਤੋਂ ਬਾਅਦ ਵਾਪਸ ਚਲੇ ਗਏ। ਕਾਲਾਂਵਾਲੀ ਥਾਣਾ ’ਚ ਸਾਂਪਲਾ ਵੱਲੋਂ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖ਼ਿਲਾਫ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਕਾਲਾਂਵਾਲੀ ਪੁਲਸ ਨੇ 21 ਕਿਸਾਨਾਂ ਨੂੰ ਨਾਮਜ਼ਦ ਅਤੇ 500 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਿਸਾਨ ਨੇਤਾ ਗੁਰਦਾਸ ਸਿੰਘ ਦੀ ਅਗਵਾਈ ’ਚ ਕਿਸਾਨਾਂ ਦਾ ਵਫਦ ਕਾਲਾਂਵਾਲੀ ਥਾਣਾ ਇੰਚਾਰਜ ਰਾਜਾ ਰਾਮ ਨੂੰ ਵੀ ਮਿਿਲਆ। ਕਿਸਾਨਾਂ ਨੇ ਇਹ ਸਾਰੇ ਮਾਮਲੇ ਰੱਦ ਕਰਨ ਦੀ ਮੰਗ ਰੱਖੀ ਹੈ।