ਲਖੀਮਪੁਰ ਖੀਰੀ ਘਟਨਾ ’ਤੇ ਸਿਆਸੀ ਭੂਚਾਲ, ਸਿੱਧੂ ਨੇ ਟਵੀਟ ਕਰਕੇ ਪ੍ਰਿਯੰਕਾ ਦੀ ਗ੍ਰਿਫ਼ਤਾਰੀ ’ਤੇ ਚੁੱਕੇ ਸਵਾਲ

Sidhu/nawanpunjab.com

ਚੰਡੀਗੜ੍ਹ, 6 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਵਿਚ ਵਾਪਰੀ ਹਿੰਸਾ ਤੋਂ ਬਾਅਦ ਆਇਆ ਸਿਆਸੀ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਯੂ. ਪੀ. ਪੁਲਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਗ੍ਰਿਫ਼ਤਾਰੀ ’ਤੇ ਮੁੜ ਭਾਜਪਾ ਅਤੇ ਯੂ. ਪੀ. ਪੁਲਸ ਨੂੰ ਘੇਰਿਆ ਹੈ। ਨਵਜੋਤ ਸਿੱਧੂ ਨੇ ਆਖਿਆ ਹੈ ਕਿ 54 ਘੰਟੇ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੂੰ ਅਜੇ ਤੱਕ ਕਿਸੇ ਜੱਜ ਅੱਗੇ ਪੇਸ਼ ਨਹੀਂ ਕੀਤਾ ਗਿਆ ਹੈ। 24 ਘੰਟੇ ਤੋਂ ਵੱਧ ਗ਼ੈਰ-ਕਾਨੂੰਨੀ ਹਿਰਾਸਤ ਸਪੱਸ਼ਟ ਰੂਪ ਵਿਚ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਭਾਜਪਾ ਅਤੇ ਯੂ.ਪੀ. ਪੁਲਸ ਸੰਵਿਧਾਨ ਦੀ ਆਤਮਾ ਉੱਤੇ ਹਮਲਾ ਕਰ ਰਹੀ ਹੈ ਅਤੇ ਸਾਡੇ ਮੂਲ ਮਨੁੱਖੀ ਅਧਿਕਾਰਾਂ ਨੂੰ ਕੁਚਲ ਰਹੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ’ਚ ਮੰਤਰੀ ਦੇ ਦੋਸ਼ੀ ਪੁੱਤਰ ਦੀ ਗ੍ਰਿਫ਼ਤਾਰੀ ਅਤੇ ਕਾਂਗਰਸੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਰਿਹਾਈ ਲਈ ਯੂ. ਪੀ. ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ।

ਨਵਜੋਤ ਸਿੱਧੂ ਨੇ ਆਖਿਆ ਸੀ ਕਿ ਜੇਕਰ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਯੂ. ਪੀ. ਵੱਲ ਕੂਚ ਕਰੇਗੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਇਸ ਕਤਲ ਕਾਂਡ ਵਿਚ ਸ਼ਾਮਲ ਮੰਤਰੀ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਲਖੀਮਪੁਰ ਜਾਣ ਦੇ ਯਤਨ ਵਿਚ .ਯੂ. ਪੀ. ਪੁਲਸ ਨੇ ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕਰਕੇ ਸੀਤਾਪੁਰ ਵਿਚ ਪੀ. ਏ. ਸੀ. ਗੈਸਟ ਹਾਊਸ ਵਿਚ ਰੱਖਿਆ ਹੋਇਆ ਹੈ। ਇਸ ਲਈ ਗੈਸਟ ਹਾਊਸ ਨੂੰ ਅਸਥਾਈ ਜੇਲ ਬਣਾਇਆ ਗਿਆ ਹੈ। ਪੁਲਸ ਨੇ ਮਗਲਵਾਰ ਨੂੰ ਸਪੱਸ਼ਟ ਕੀਤਾ ਸੀ ਕਿ ਪ੍ਰਿਯੰਕਾ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ ਪ੍ਰਿਯੰਕਾ ਗਾਂਧੀ ਨੇ ਆਖਿਆ ਹੈ ਕਿ ਪੁਲਸ ਨੇ ਉਨ੍ਹਾਂ ’ਤੇ ਬਲ ਦੀ ਵਰਤੋਂ ਕੀਤੀ ਹੈ।

Leave a Reply

Your email address will not be published. Required fields are marked *