ਚੰਡੀਗੜ੍ਹ 1 ਅਕਤੂਬਰ (ਦਲਜੀਤ ਸਿੰਘ)- ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਵਿਆਪੀ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੇ ਮਕਸਦ ਨਾਲ ਸਾਲ ਭਰ ਤੋਂ ਕਿਸਾਨਾਂ ਵੱਲੋਂ ਘੇਰੇ ਹੋਏ ਬੈਸਟ ਪ੍ਰਾਈਸ ਭੁੱਚੋ ਦੇ ਪ੍ਰਬੰਧਕਾਂ ਵੱਲੋਂ ਬਰਤਰਫ਼ ਕੀਤੇ ਮੁਲਾਜ਼ਮ ਬਹਾਲ ਕਰਨ ਦੀ ਮੰਗ ਮੰਨੇ ਜਾਣ ਦੀ ਜਿੱਤ ਮਗਰੋਂ ਅੱਜ ਸ਼ਾਮ ਨੂੰ ਕੱਲ੍ਹ ਤੋਂ ਸ਼ੁਰੂ ਕੀਤੇ ਗਏ ਇਸ ਕੰਪਨੀ ਦੇ ਪੰਜ ਮੌਲਾਂ ਦੇ ਘਿਰਾਓ ਸਮਾਪਤ ਕਰ ਦਿੱਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਕਿਸਾਨਾਂ ਮੁਲਾਜ਼ਮਾਂ ਦੇ ਵਫ਼ਦ ਨਾਲ ਆਈ ਜੀ ਬਠਿੰਡਾ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਦੀ ਕਰਵਾਈ ਗਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਘਿਰਾਓ ਦੇ ਦੂਜੇ ਦਿਨ ਅੱਜ ਹੋਰ ਵੀ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਕਿਸਾਨਾਂ ਮਜ਼ਦੂਰਾਂ ਦਾ ਰੋਹ ਉਬਾਲੇ ਮਾਰ ਰਿਹਾ ਸੀ। ਕਿਸਾਨ ਆਗੂ ਨੇ ਦੱਸਿਆ ਕਿ ਅੱਜ ਬੈਸਟ ਪ੍ਰਾਈਸ ਮੌਲ ਜਲੰਧਰ ਦੇ 7 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਬਾਰੇ ਜਾਣਕਾਰੀ ਲੇਟ ਮਿਲਣ ਕਾਰਨ ਸਮਝੌਤਾ ਗੱਲਬਾਤ ਸਮੇਂ ਇਹ ਮਸਲਾ ਵਿਚਾਰਿਆ ਨਹੀਂ ਜਾ ਸਕਿਆ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਬਾਕਾਇਦਾ ਵਿਚਾਰਨ ਉਪਰੰਤ ਇਸ ਦਾ ਹੱਲ ਕਰਨ ਦਾ ਯਤਨ ਵੀ ਕੀਤਾ ਜਾਵੇਗਾ।
ਓਧਰ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਭਰ’ਚ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਪੰਜਾਬ ਦੇ ਮੋਰਚਿਆਂ ਦੀ ਸਾਲਾਨਾ ਵਰ੍ਹੇਗੰਢ ਤੇ ਅੱਜ ਦੀ ਸ਼ਾਨਦਾਰ ਜਿੱਤ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਇਸਤੋਂ ਇਲਾਵਾ ਜਥੇਬੰਦੀ ਦੀ ਨਰਮੇ ਦੀ ਫ਼ਸਲ ਦੀ ਤਬਾਹੀ ਅਤੇ ਝੋਨੇ ਦੀ ਸਰਕਾਰੀ ਖਰੀਦ ਸੰਬੰਧੀ ਮੰਗਾਂ ਨੂੰ ਲੈ ਕੇ 5 ਜ਼ਿਲ੍ਹਿਆਂ ਵਿੱਚ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਰੋਹ ਭਰਪੂਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਜਿਨ੍ਹਾਂ ਵਿੱਚ ਮੰਗ ਕੀਤੀ ਗਈ ਕਿ ਨਰਮੇ ਦੀ ਤਬਾਹੀ ਦਾ ਮੁਆਵਜ਼ਾ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਦਿੱਤਾ ਜਾਵੇ। ਇਸ ਤੋਂ ਇਲਾਵਾ ਝੋਨੇ ਦੀ ਸਰਕਾਰੀ ਖਰੀਦ ਦਸ ਦਿਨ ਲੇਟ ਸ਼ੁਰੂ ਕਰਨ ਦਾ ਫੈਸਲਾ ਰੱਦ ਕਰਕੇ ਤੁਰੰਤ ਸ਼ੁਰੂ ਕੀਤੀ ਜਾਵੇ। ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ।