ਨਵੀਂ ਦਿੱਲੀ, 22 ਸਤੰਬਰ (ਬਿਊਰੋ)– ਦਿੱਲੀ ਹਾਈ ਕੋਰਟ ਦੇ ਆਦੇਸ਼ ‘ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲਈ ਗਈ ਪ੍ਰੀਖਿਆ ‘ਚ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜਨ-ਲਿਖਣ ‘ਚ ਨਾਕਾਮ ਸਾਬਤ ਹੋਏ ਹਨ। ਇਸੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਕੌਮ ਵਾਸਤੇ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ 8 ਸਾਲ ਤੋਂ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਸਿਰਸਾ ਨੂੰ ਸਹੀ ਤਰੀਕੇ ਨਾਲ ਗੁਰਮੁਖੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਹੈ,ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਕੌਮ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈ ਰਿਹਾ ਹੈ ਜਿਸ ਦੇ ਕਸੂਰਵਾਰ ਸਿਰਸਾ ਤੇ ਬਾਦਲ ਪਰਿਵਾਰ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੀਆਂ ਗਲਤੀਆਂ ਲਈ ਸਮੁੱਚੀ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋ ਕੋਰਟ ‘ਚ ਦਾਖਿਲ ਕੀਤੀ ਗਈ ਸਿਰਸਾ ਦੇ ਗੁਰਮੁਖੀ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਰਨਾ ਨੇ ਕਿਹਾ ਕਿ ਸਹੀ ਸਮੇਂ ‘ਤੇ ਸਹੀ ਫੈਸਲਾ ਆਇਆ ਹੈ ਅਤੇ ਇਸ ਫੈਸਲੇ ਨੇ ਅਜਿਹੇ ਵਿਅਕਤੀ ਨੂੰ ਮੈਂਬਰ ਬਣਨ ਤੋ ਰੋਕਿਆ ਹੈ ਜਿਹੜਾ ਦਿੱਲੀ ਕਮੇਟੀ ਦਾ ਮੈਂਬਰ ਬਣਨ ਦੀ ਯੋਗਤਾ ਹੀ ਪੂਰੀ ਨਹੀਂ ਕਰਦਾ।
ਸਰਨਾ ਨੇ ਕਿਹਾ ਕਿ ਸਿਰਸਾ ਪਿਛਲੇ ਲੰਮੇ ਸਮੇਂ ਤੋਂ ਲੱਛੇਦਾਰ ਭਾਸ਼ਣਾਂ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਹੈ ਜਦਕਿ ਇਸ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਿਲਕੁਲ ਵੀ ਗਿਆਨ ਨਹੀਂ। ਇਸੇ ਕਰਕੇ ਹੀ ਸਿਰਸਾ ਵੱਲੋਂ ਅਕਸਰ ਹੀ ਸਟੇਜਾਂ ਤੋਂ ਗਲਤ ਇਤਿਹਾਸ-ਗੁਰਬਾਣੀ ਪੜ੍ਹੀ ਜਾਂਦੀ ਰਹੀ ਹੈ। ਸਰਨਾ ਨੇ ਦੱਸਿਆ ਕਿ ਅਸੀਂ ਇਸ ਬਾਰੇ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਕੋਲ ਵੀ ਗੁਹਾਰ ਲਾਈ ਸੀ ਕਿ ਸਿਰਸਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ 4-5 ਅੰਗ ਪੜ੍ਹਾ ਕੇ ਵੇਖੋ ਪਰ ਸਾਡੀ ਗੱਲ ਨਹੀਂ ਮੰਨੀ ਗਈ ਅਤੇ ਅੱਜ ਗੁਰਮੁਖੀ ਟੈਸਟ ‘ਚ ਫੇਲ ਹੋਏ ਸਿਰਸਾ ਕਾਰਨ ਕੌਮ ਦੀ ਹੇਠੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਜੱਥੇਦਾਰ ਨੇ ਸਾਡੀ ਗੱਲ ਮੰਨ ਕੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਹੀਂ ਵੇਖਣਾ ਪੈਣਾ ਸੀ।ਸਰਨਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਨਿਜੀ ਤੇ ਸਿਆਸੀ ਸਵਾਰਥਾਂ ਕਾਰਨ ਸਿਰਸਾ ਵਰਗੇ ਵਿਅਕਤੀ ਨੂੰ ਦਿੱਲੀ ਕਮੇਟੀ ਪ੍ਰਬੰਧ ‘ਤੇ ਥੋਪੀ ਰੱਖਿਆ ਤਾਂਕਿ ਕਮੇਟੀ ਦੀ ਗੋਲਕ ਨੂੰ ਆਪਣੇ ਸਵਾਰਥਾਂ ਵਾਸਤੇ ਵਰਤਿਆ ਜਾ ਸਕੇ।