ਚੰਡੀਗੜ੍ਹ,15 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ’ਤੇ ਇਕ ਵਾਰ ਫਿਰ ਬਾਦਲਾਂ ’ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦੀ ਨੀਂਹ ਬਾਦਲਾਂ ਨੇ ਹੀ ਰੱਖੀ ਸੀ। ਚੰਡੀਗੜ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਬਾਦਲਾਂ ਨੇ ਪਹਿਲਾਂ ਇਹ ਕਾਲੇ ਕਾਨੂੰਨ ਪੰਜਾਬ ਵਿਚ ਲਾਗੂ ਕੀਤੇ ਅਤੇ ਫਿਰ ਕੇਂਦਰ ਦੀ ਮੋਦੀ ਸਰਕਾਰ ਤੋਂ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੀ ਬੀਜ ਬਾਦਲਾਂ ਨੇ ਹੀ ਬੀਜਿਆ ਸੀ। ਸਿੱਧੂ ਨੇ ਕਿਹਾ ਕਿ ਬਾਦਲ ਸਰਕਾਰ ਨੇ ਕਿਸਾਨਾਂ ਵਿਰੁੱਧ 2013 ਵਿਚ ਜਿਹੜੇ ਕਾਨੂੰਨ ਲਿਆਂਦੇ ਸਨ ਇਨ੍ਹਾਂ ਤੋਂ ਹੀ ਸੇਧ ਲੈ ਕੇ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਵਿਚ ਕਿਸਾਨਾਂ ਤੋਂ ਅਦਾਲਤ ਜਾਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਇਸ ਤੋਂ ਇਲਾਵਾ ਜੇਕਰ ਕਿਸਾਨਾਂ ਵੱਲ ਜੇ ਕੋਈ ਬਕਾਇਆ ਹੈ ਤਾਂ ਉਹ ਨਾ ਤਾਂ ਫਸਲ ਵੇਚ ਸਕਦਾ ਹੈ ਅਤੇ ਨਾ ਹੀ ਜ਼ਮੀਨ। ਸਿੱਧੂ ਨੇ ਕਿਹਾ ਕਿ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੀ ਨੀਤੀ-ਨਿਰਮਾਤਾ ਬਾਦਲ ਹੀ ਹਨ ਅਤੇ ਅੱਜ ਉਹ ਦੱਸਣਗੇ ਕਿ ਪਰਦੇ ਪਿੱਛੇ ਕੌਣ ਹੈ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਇਹ ਕਾਨੂੰਨ ਬਾਦਲ ਹੀ ਲੈ ਕੇ ਗਏ ਸਨ। ਇਸ ਤੋਂ ਪਹਿਲਾਂ 2013 ਵਿਚ ਕੰਟਰੈਕਟ ਫਾਰਮਿੰਗ ਬਿੱਲ ਪ੍ਰਕਾਸ਼ ਸਿੰਘ ਬਾਦਲ ਨੇ ਹੀ ਪੰਜਾਬ ਵਿਧਾਨ ਸਭਾ ਵਿਚ ਰੱਖਿਆ ਸੀ। ਇਨ੍ਹਾਂ ਕਾਨੂੰਨਾਂ ਵਿਚ ਦੱਸਿਆ ਸੀ ਕਿ ਕਾਰਪੋਰੇਟ ਇਸ ਨੂੰ ਐੱਮ. ਐੱਸ. ਪੀ. ਤੋਂ ਘੱਟ ਵੀ ਖਰੀਦ ਸਕਦਾ ਹੈ। ਇਨ੍ਹਾਂ ਕਾਨੂੰਨਾਂ ਵਿਚ ਕਿਤੇ ਵੀ ਐੱਮ. ਐੱਸ. ਪੀ. ਦਾ ਜ਼ਿਕਰ ਨਹੀਂ ਕੀਤਾ ਗਿਆ।