ਗੈਂਗਸਟਰ ਬਲਜੀਤ ਚੌਧਰੀ ਦਾ ਕਤਲ ਕਰਨ ਜਾ ਰਹੇ ਬੰਬੀਹਾ ਗੈਂਗ ਦੇ 2 ਗੈਂਗਸਟਰ ਗ੍ਰਿਫਤਾਰ


ਚੰਡੀਗੜ੍ਹ – ਆਪ੍ਰੇਸ਼ਨ ਸੈੱਲ ਨੇ ਸੈਕਟਰ-37 ਦੀ ਮਾਰਕੀਟ ਦੇ ਕੋਲ ਦਵਿੰਦਰ ਬੰਬੀਹਾ ਗੈਂਗ ਦੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੀ ਪਛਾਣ ਮੋਹਾਲੀ ਦੇ ਸੈਕਟਰ-69 ਨਿਵਾਸੀ ਸ਼ਿਵਮ ਚੌਹਾਨ ਅਤੇ ਕਰਨਾਲ ਨਿਵਾਸੀ ਵਿਕਾਸ ਮਾਨ ਉਰਫ ਤਾਊ ਦੇ ਰੂਪ ’ਚ ਹੋਈ ਹੈ। ਤਲਾਸ਼ੀ ਦੌਰਾਨ ਗੈਂਗਸਟਰਾਂ ਕਲੋਂ 32 ਬੋਰ ਦੀ ਪਿਸਟਲ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਦੋਵੇਂ ਗੈਂਗਸਟਰ ਬਲਜੀਤ ਚੌਧਰੀ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਸ਼ਿਵਮ ਚੌਹਾਨ ਨੇ ਐੱਮ. ਬੀ. ਏ. ਅਤੇ ਵਿਕਾਸ ਮਾਨ ਨੇ ਐੱਲ. ਐੱਲ. ਬੀ. ਕੀਤੀ ਹੋਈ ਹੈ। ਆਪ੍ਰੇਸ਼ਨ ਸੈੱਲ ਦੀ ਟੀਮ ਨੇ ਦੋਵਾਂ ਗੈਂਗਸਟਰਾਂ ਖ਼ਿਲਾਫ ਸੈਕਟਰ-39 ਪੁਲਸ ਥਾਣੇ ’ਚ ਆਰਮਜ਼ ਐਕਟ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਸ. ਪੀ. ਆਪ੍ਰੇਸ਼ਨ ਕੇਤਨ ਬਾਂਸਲ ਨੇ ਦੱਸਿਆ ਕਿ ਆਪ੍ਰੇਸ਼ਨ ਸੈੱਲ ਇੰਚਾਰਜ ਅਮਨਜੋਤ ਦੀ ਅਗਵਾਈ ’ਚ ਏ. ਐੱਸ. ਆਈ. ਸੁਰਜੀਤ ਸਿੰਘ ਸੈਕਟਰ-37 ’ਚ ਗਸ਼ਤ ਕਰ ਰਹੇ ਸਨ। ਸਨਾਤਨ ਧਰਮ ਮੰਦਰ ਦੇ ਕੋਲ ਸੂਚਨਾ ਮਿਲੀ ਕਿ ਬੰਬੀਹਾ ਗੈਂਗ ਦੇ 2 ਗੁਰਗੇ ਸਕਾਰਪੀਓ ਗੱਡੀ ’ਚ ਮਾਰਕੀਟ ਵੱਲ ਆ ਰਹੇ ਹਨ। ਉਨ੍ਹਾਂ ਕੋਲ ਹਥਿਆਰ ਹਨ ਅਤੇ ਗੈਂਗਸਟਰ ਬਲਜੀਤ ਚੌਧਰੀ ਦਾ ਕਤਲ ਕਰਨ ਮੋਹਾਲੀ ਜਾਣਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਸੈਕਟਰ-37 ਮਾਰਕੀਟ ਦੇ ਕੋਲ ਨਾਕਾ ਲਾਇਆ।
ਇਸ ਦੌਰਾਨ ਸਕਾਰਪੀਓ ਪੀ. ਬੀ. 65 ਏ. ਜੇ. 0024 ਨੂੰ ਰੁਕਣ ਦਾ ਇਸ਼ਾਰਾ ਕੀਤਾ। ਗੱਡੀ ਰੋਕ ਕੇ ਉਸ ’ਚ ਸਵਾਰ ਦੋਵਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਦੇ ਜਵਾਨਾਂ ਨੇ ਪਿੱਛਾ ਕਰ ਕੇ ਥੋੜ੍ਹੀ ਦੂਰੀ ’ਤੇ ਦੋਵਾਂ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਸ਼ਿਵਮ ਅਤੇ ਵਿਕਾਸ ਦੇ ਕੋਲ 32 ਬੋਰ ਦੀ ਪਿਸਟਲ ਅਤੇ 7 ਕਾਰਤੂਸ ਬਰਾਮਦ ਹੋਏ। ਪੁੱਛਗਿਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਬੰਬੀਹਾ ਗਿਰੋਹ ਦੇ ਮੈਂਬਰ ਹਨ। ਗਿਰੋਹ ਨੂੰ ਵਿਦੇਸ਼ ’ਚ ਬੈਠਾ ਲੱਕੀ ਪਟਿਆਲ ਚਲਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਸ਼ਿਵਮ ਕਾਊਂਸਲਿੰਗ ਅਤੇ ਕੰਸਲਟੈਂਸੀ ਅਤੇ ਵਿਕਾਸ ਪ੍ਰਾਈਵੇਟ ਨੌਕਰੀ ਕਰਦਾ ਸੀ।

Leave a Reply

Your email address will not be published. Required fields are marked *