ਦਿੱਲੀ ’ਚ ਇਸ ਸਾਲ ਵੀ ਬਿਨਾਂ ਪਟਾਕਿਆਂ ਦੀ ‘ਦੀਵਾਲੀ’, ਕੇਜਰੀਵਾਲ ਸਰਕਾਰ ਨੇ ਲਾਈ ਰੋਕ

kejri/nawanpunjab.com

ਨਵੀਂ ਦਿੱਲੀ, 15 ਸਤੰਬਰ (ਦਲਜੀਤ ਸਿੰਘ)- ਦਿੱਲੀ ’ਚ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਨਹੀਂ ਚਲਾਏ ਜਾ ਸਕਣਗੇ। ਦਿੱਲੀ ਸਰਕਾਰ ਨੇ ਦੀਵਾਲੀ ਦੌਰਾਨ ਸ਼ਹਿਰ ’ਚ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਤਕ ਪਹੁੰਚ ਜਾਣ ਦੇ ਮੱਦੇਨਜ਼ਰ ਬੁੱਧਵਾਰ ਯਾਨੀ ਕਿ ਅੱਜ ਰਾਜਧਾਨੀ ਵਿਚ ਪਟਾਕਿਆਂ ਦੇ ਭੰਡਾਰ, ਵਿਕਰੀ ਅਤੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਪਿਛਲੇ 3 ਸਾਲਾਂ ਤੋਂ ਦੀਵਾਲੀ ਦੇ ਸਮੇਂ ਦਿੱਲੀ ਵਿਚ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਨੂੰ ਵੇਖਦੇ ਹੋਏ ਪਿਛਲੇ ਸਾਲ ਵਾਂਗ ਇਸ ਵਾਰ ਵੀ ਹਰ ਤਰ੍ਹਾਂ ਦੇ ਪਟਾਕਿਆਂ ਦੇ ਭੰਡਾਰ, ਵਿਕਰੀ ਅਤੇ ਇਸਤੇਮਾਲ ’ਤੇ ਪੂਰਨ ਪਾਬੰਦੀ ਲਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ। ਇਕ ਹੋਰ ਟਵੀਟ ’ਚ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਕਾਰੋਬਾਰੀਆਂ ਵਲੋਂ ਪਟਾਕਿਆਂ ਦੇ ਭੰਡਾਰ ਮਗਰੋਂ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੇਰ ਨਾਲ ਪੂਰਨ ਪਾਬੰਦੀ ਲਾਈ ਗਈ, ਜਿਸ ਨਾਲ ਕਾਰੋਬਾਰੀਆਂ ਨੂੰ ਨੁਕਸਾਨ ਹੋਇਆ ਸੀ।

ਸਾਰੇ ਕਾਰੋਬਾਰੀਆਂ ਨੂੰ ਅਪੀਲ ਹੈ ਕਿ ਇਸ ਵਾਰ ਵੀ ਪੂਰਨ ਪਾਬੰਦੀ ਨੂੰ ਵੇਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਪਟਾਕਿਆਂ ਦਾ ਭੰਡਾਰ ਨਾ ਕਰੋ।ਦੱਸ ਦੇਈਏ ਕਿ ਦਿੱਲੀ ’ਚ ਦੀਵਾਲੀ ਦੇ ਤਿਉਹਾਰ ਕਾਰਨ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਵੱਧ ਜਾਂਦਾ ਹੈ, ਜਿਸ ਕਾਰਨ ਪਿਛਲੇ ਸਾਲ ਵਾਂਗ ਇਸ ਸਾਲ ਵੀ ਕੇਜਰੀਵਾਲ ਸਰਕਾਰ ਨੇ ਪਟਾਕੇ ਚਲਾਉਣ, ਇਸ ਦੇ ਭੰਡਾਰ, ਵਿਕਰੀ ਅਤੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਹੈ। ਕੇਜਰੀਵਾਲ ਵਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ।

Leave a Reply

Your email address will not be published. Required fields are marked *