ਲੁਧਿਆਣਾ – ਪੰਜਾਬ ਦੀਆਂ 4 ਸੀਟਾਂ ‘ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਦੌਰ ਸਿਖਰਾਂ ‘ਤੇ ਹੈ। ਇਸ ਦੌਰਾਨ ਸਿਆਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਦੇ ਨਾਲ-ਨਾਲ ਇਕ-ਦੂਜੇ ‘ਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਰਵਨੀਤ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਵੇਖ ਰਹੇ ਹਨ, ਪਰ ਇਹ ਕਦੇ ਪੂਰੇ ਨਹੀਂ ਹੋ ਸਕਦੇ। ਚੰਨੀ ਨੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਨੀਟੂ ਸ਼ਟਰਾਂਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ, ਪਰ ਰਵਨੀਤ ਬਿੱਟੂ ਨਹੀਂ। ਹੁਣ ਇਸ ਬਿਆਨ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚਰਨਜੀਤ ਸਿੰਘ ਚੰਨੀ ਨੂੰ ਮੋੜਵਾਂ ਜਵਾਬ ਦਿੱਤਾ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣ ਕੇ ਹਜ਼ਾਰਾਂ ਨੀਟੂ ਸ਼ਟਰਾਂਵਾਲੇ ਵਰਗਿਆਂ ਦਾ ਕੰਮ ਖੋਹ ਲਿਆ ਸੀ। ਕਦੇ ਉਹ ਬਕਰੀ ਦੀ ਧਾਰ ਚੋਂਦੇ ਸੀ, ਕਦੇ ਸੱਪ ਫੜਦੇ ਸੀ ਤੇ ਕਦੀ ਕੁਝ ਹੋਰ ਕਰਦੇ ਸੀ। ਚੰਨੀ ਨੇ ਮੁੱਖ ਮੰਤਰੀ ਬਣ ਕੇ ਉਸ ਕੁਰਸੀ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਸੀ। ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਕੂਲਾਂ ਕਾਲਜਾਂ ਦੀਆਂ ਬੱਚੀਆਂ ਤੋਂ ਲੈ ਕੇ ਮਹਿਲਾ IAS ਅਫ਼ਸਰਾਂ ਤਕ ਨਾਲ ਛੇੜਖਾਨੀਆਂ ਕਰਦੇ ਰਹੇ ਹਨ। ਅਜਿਹੇ ਲੋਕ ਤਾਂ ਸਮਾਜ ਵਿਚ ਰੱਖਣ ਲਾਇਕ ਨਹੀਂ, ਮੁੱਖ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ। ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਇੰਨੇ ਮਹਾਨ ਮੁੱਖ ਮੰਤਰੀ ਨੇ, ਜਿਹੜੇ ਮੁੱਖ ਮੰਤਰੀ ਹੁੰਦੇ ਹੋਏ ਦੋਹਾਂ ਸੀਟਾਂ ਤੋਂ ਹਾਰ ਗਏ ਸੀ ਤੇ ਇਕ ਤੋਂ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ ਸੀ।
ਬਿੱਟੂ ਨੇ ਕਿਹਾ ਕਿ ਚਰਨਜੀਤ ਚੰਨੀ ਮੰਤਰੀ ਹੁੰਦੇ ਹੋਏ ਆਪਣੇ ਨਾਲ ਦੀ ਮਹਿਲਾ IAS ਅਫ਼ਸਰ ਨਾਲ ਇਸ ਤਰ੍ਹਾਂ ਦੀ ਸ਼ੇਅਰੋ-ਸ਼ਾਇਰੀ ਕਰਦੇ ਸੀ ਕਿ ਉਨ੍ਹਾਂ ਨੂੰ ਵੀ ਸ਼ਰਮ ਆ ਗਈ ਤੇ ਉਨ੍ਹਾਂ ਨੇ ਜਾ ਕੇ ਸ਼ਿਕਾਇਤ ਕੀਤੀ। IAS ਅਫ਼ਸਰਾਂ ਦੀ ਐਸੋਸੀਏਸ਼ਨ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਾਂ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਰਹੇਗਾ ਜਾਂ ਉਹ ਰਹਿਣਗੇ। ਉਨ੍ਹਾਂ ਕਿਹਾ ਕਿ ਚੰਨੀ ਨੇ ਮੁੱਖ ਮੰਤਰੀ ਬਣ ਕੇ ਆਪਣਾ ਇਹ ਕੇਸ ਬੰਦ ਕੀਤਾ, ਪਰ ਉਸ ਵੇਲੇ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਸਪਸ਼ਟ ਕਿਹਾ ਸੀ ਕਿ ਸਰਕਾਰ ਭਾਵੇਂ ਕੇਸ ਬੰਦ ਕਰ ਦੇਵੇ, ਪਰ ਮਹਿਲਾ ਕਮਿਸ਼ਨ ਵੱਲੋਂ ਇਹ ਕੇਸ ਬੰਦ ਨਹੀਂ ਹੋਵੇਗਾ। ਅੱਜ ਵੀ ਉਨ੍ਹਾਂ ‘ਤੇ ਇਹ ਕੇਸ ਚੱਲ ਰਿਹਾ ਹੈ।