ਗਿੱਦੜਬਾਹਾ (ਮੁਕਤਸਰ) : ਹਾਲ ਹੀ ‘ਚ ਆਮ ਆਦਮੀ ਪਾਰਟੀ ਛੱਡਣ ਵਾਲੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਲੈ ਕੇ ਕਾਂਗਰਸ ‘ਚ ਨਵਾਂ ਕਲੇਸ਼ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਗੋਲਡੀ ਨੂੰ ਕਾਂਗਰਸ ‘ਚ ਨਹੀਂ ਲੈਣਾ ਚਾਹੁੰਦੇ ਜਦਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਤੋਂ ਬਾਅਦ ਗੋਲਡੀ ਗਿੱਦੜਬਾਹਾ ‘ਚ ਅੰਮ੍ਰਿਤਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ‘ਚ ਰੁੱਝ ਗਏ ਹਨ।
ਗੋਲਡੀ ਨੇ ਮੰਗਲਵਾਰ ਦੇਰ ਰਾਤ ਤਕ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ‘ਚ ਚੋਣ ਪ੍ਰਚਾਰ ਜਾਰੀ ਰੱਖਿਆ। ਦੂਜੇ ਪਾਸੇ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਕੋਟ ਫਤੂਹੀ ‘ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਬਾਜਵਾ ਨੇ ਰੋਸ ਜਤਾਇਆ ਹੈ। ਗੋਲਡੀ ਦਾ ਨਾਂ ਲਏ ਬਿਨਾਂ ਬਾਜਵਾ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਮੁਤਾਬਕ ਕਿਸੇ ਲਈ ਵੀ ਚੋਣ ਪ੍ਰਚਾਰ ਕਰ ਸਕਦੇ ਹਨ ਪਰ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਵੀ ਪਾਰਟੀ ‘ਚ ਸ਼ਾਮਲ ਨਹੀਂ ਹੋ ਸਕਦਾ। ਮੈਂ ਪਾਰਟੀ ‘ਚ ਅਹਿਮ ਅਹੁਦਾ ਸੰਭਾਲਦਾ ਹਾਂ। ਹਾਲਾਂਕਿ, ਬਾਜਵਾ ਆਮ ਆਦਮੀ ਪਾਰਟੀ ‘ਚ ਗਏ ਚੱਬੇਵਾਲ ਪਰਿਵਾਰ ‘ਤੇ ਇਸ ਨੂੰ ਲਾਗੂ ਕਰਨ ਲਈ ਬਾਜਵਾ ਉਨ੍ਹਾਂ ਨੂੰ ਤਾੜਨਾ ਕਰ ਰਹੇ ਸਨ। ਦੂਜੇ ਪਾਸੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਬਾਜਵਾ ਦੇ ਬਿਆਨ ਨੂੰ ਐਕਸ ‘ਤੇ ਪੋਸਟ ਕਰ ਕੇ ਸ਼ਾਬਾਸ਼ ਲਿਖਿਆ ਹੈ। ਬਿੱਟੂ ਨੇ ਬੀਤੇ ਦਿਨ ਕਿਹਾ ਸੀ ਕਿ ਬਾਜਵਾ ਦੀ ਪਾਰਟੀ ‘ਚ ਕੋਈ ਸੁਣਵਾਈ ਨਹੀਂ ਹੈ।
ਬੇਸ਼ੱਕ ਰਾਜਾ ਵੜਿੰਗ ਨੇ ਦਲਵੀਰ ਗੋਲਡੀ ਨੂੰ ਅਧਿਕਾਰਤ ਤੌਰ ‘ਤੇ ਕਾਂਗਰਸ ‘ਚ ਸ਼ਾਮਲ ਨਹੀਂ ਕੀਤਾ ਪਰ ਐਕਸ ‘ਤੇ ਗੋਲਡੀ ਨਾਲ ਫੋਟੋ ਸ਼ੇਅਰ ਕਰ ਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹ ਜ਼ਿਮਨੀ ਚੋਣਾਂ ਤੋਂ ਬਾਅਦ ਗੋਲਡੀ ਨੂੰ ਕਾਂਗਰਸ ‘ਚ ਲੈ ਸਕਦੇ ਹਨ। ਇਹੀ ਕਾਰਨ ਹੈ ਕਿ ਗੋਲਡੀ ਤਿੰਨ ਦਿਨਾਂ ਤੋਂ ਗਿੱਦੜਬਾਹਾ ‘ਚ ਹਨ ਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ ਜਿਸ ਕਾਰਨ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਆਪਸੀ ਕਲੇਸ਼ ਇਕ ਵਾਰ ਫਿਰ ਸਾਹਮਣੇ ਆ ਸਕਦਾ ਹੈ।