BSP Punjab Breaking: ਗੜ੍ਹੀ ਨੇ ਲਾਏ ਬਸਪਾ ਇੰਚਾਰਜ ਬੈਨੀਵਾਲ ’ਤੇ ਭ੍ਰਿਸ਼ਟਾਚਾਰ ਰਾਹੀਂ ਜਾਇਦਾਦਾਂ ਬਣਾਉਣ ਦੇ ਗੰਭੀਰ ਦੋਸ਼

ਜਲੰਧਰ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਵਿਚੋਂ ਕੱਢ ਦਿੱਤੇ ਗਏ ਸਾਬਕਾ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਉਤੇ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ। ਦੱਸਣਯੋਗ ਹੈ ਕਿ ਬੈਨੀਵਾਲ ਬਸਪਾ ਦੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਦੇ ਵੀ ਕੇਂਦਰੀ ਸੂਬਾ ਇੰਚਾਰਜ ਹਨ, ਜਿਨ੍ਹਾਂ ਉਤੇ ਗੜ੍ਹੀ ਨੇ ਕਥਿਤ ਭ੍ਰਿਸ਼ਟਾਚਾਰ ਅਤੇ ਪਾਰਟੀ ਫੰਡਾਂ ਵਿਚ ਕਥਿਤ ਗ਼ਬਨ ਕਰ ਕੇ ਵੱਡੀਆਂ ਜਾਇਦਾਦਾਂ ਬਣਾਉਣ ਅਤੇ ਮਹਿੰਗੀਆਂ ਕਾਰਾਂ ਖ਼ਰੀਦਣ ਦੇ ਦੋਸ਼ ਲਾਏ ਹਨ।

ਗੜ੍ਹੀ ਨੂੰ ਬੀਤੀ 5 ਨਵੰਬਰ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ ਲਾ ਕੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਸੀ। ਗੜ੍ਹੀ ਨੇ ਬੈਨੀਵਾਲ ਉਤੇ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਆਪਣੇ ਵੈਰੀਫਾਈਡ ‘ਐਕਸ’ ਖ਼ਾਤੇ ਤੋਂ ਇਕ ਪੋਸਟ ਸਾਂਝੀ ਕੀਤੀ ਹੈ। ਹਿੰਦੀ ਵਿੱਚ ਲਿਖੀ ਗਈ ਇਸ ਪੋਸਟ ਵਿਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ, ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ, ਕੇਂਦਰੀ ਆਗੂਆਂ ਸਤੀਸ਼ ਮਿਸ਼ਰਾ, ਰਾਮਜੀ ਗੌਤਮ ਆਦਿ ਨੂੰ ਵੀ ਟੈਗ ਕੀਤਾ ਗਿਆ ਹੈ। ਉਧਰ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਿਰਮੂਲ ਦੱਸਿਆ ਹੈ।

ਜਸਬੀਰ ਗੜ੍ਹੀ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਹੈ, ‘‘ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਿਸ ਗੱਲ ਲਈ ਉਨ੍ਹਾਂ ਬਸਪਾ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਤੋਂ ਫੋਨ ਕਰਕੇ ਸਮਾਂ ਮੰਗਿਆ ਹੈ, ਉਹ ਮੇਰੇ ਦਿਲ ’ਚ ਹੀ ਨਾ ਰਹਿ ਜਾਵੇ, ਇਸ ਲਈ ਸਾਰਾ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਸਬੂਤਾਂ ਸਮੇਤ ਪੇਸ਼ ਕਰ ਰਿਹਾ ਹਾਂ, ਜਿਸ ਲਈ ਮੈਂ ਭੈਣ ਮਾਇਆਵਤੀ ਜੀ ਤੋਂ ਮੁਲਾਕਾਤ ਲਈ 5 ਨਵੰਬਰ ਨੂੰ ਪਾਰਟੀ ਦਫ਼ਤਰ ਵਿਚ ਫੋਨ ਕੀਤਾ ਸੀ।’’

ਉਨ੍ਹਾਂ ਰਣਧੀਰ ਸਿੰਘ ਬੈਨੀਵਾਲ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਜਿਥੇ ਪਾਰਟੀ ਵਰਕਰਾਂ ਤੋਂ ਮੋਟਰਸਾਈਕਲ ਵੀ ਨਹੀਂ ਖਰੀਦਿਆ ਜਾ ਰਿਹਾ ਤਾਂ ਉਥੇ ਬੈਨੀਵਾਲ ਨੇ 7 ਕਰੋੜ ਰੁਪਏ ਦੀਆਂ 13 ਜ਼ਮੀਨਾਂ/ਪਲਾਟ/ਦੁਕਾਨਾਂ ਕਿਵੇਂ ਖਰੀਦ ਲਈਆਂ ਹਨ? ਨਾਲ ਹੀ 4 ਕਰੋੜ ਦੀ ਲਾਗਤ ਵਾਲੇ ਦੋ ਮਹਿਲਾਂ ਵਰਗੇ ਘਰ ਅਤੇ ਸ਼ੋਅਰੂਮ ਕਿਵੇਂ ਬਣਾ ਲਏ? ਨਾਲ ਹੀ ਉਨ੍ਹਾਂ ਬੈਨੀਵਾਲ ਉਤੇ ਚਾਰ ਸਾਲਾਂ ’ਚ 80 ਲੱਖ ਰੁਪਏ ਦੀਆਂ ਚਾਰ ਗੱਡੀਆਂ ਖ਼ਰੀਦਣ ਦੇ ਦੋਸ਼ ਵੀ ਲਾਏ ਹਨ।

ਗ਼ੌਰਤਲਬ ਹੈ ਕਿ ਬੈਨੀਵਾਲ ਉਤੇ ਬੀਤੇ ਮਹੀਨੇ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਥੋਂ ਦੇ ਕਥਿਤ ਬਸਪਾ ਵਰਕਰਾਂ ਵੱਲੋਂ ਵੀ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਅਜਿਹੇ ਹੀ ਦੋਸ਼ ਲਾਏ ਜਾ ਰਹੇ ਹਨ।

ਉਨ੍ਹਾਂ ਬੈਨੀਵਾਲ ਉਤੇ ‘ਪਾਰਟੀ ਦੀਆਂ ਟਿਕਟਾਂ ਵੇਚ ਕੇ ਇਕੱਠੇ ਕੀਤੇ ਸਾਰੇ ਫੰਡ ਕੇਂਦਰੀ ਦਫ਼ਤਰ ਵਿਚ ਜਮ੍ਹਾਂ ਨਾ ਕਰਵਾਉਣ’ ਦੇ ਦੋਸ਼ ਵੀ ਲਾਏ ਹਨ। ਪੰਜਾਬ ਦੇ ਬਸਪਾ ਦਫਤਰ ਦੇ ‘ਮੈਨਟੀਨੈਂਸ ਫੰਡ ਹਰ ਮਹੀਨੇ ਔਸਤਨ 60/70 ਹਜ਼ਾਰ ਰੁਪਏ ਚੋਰੀ’ ਕਰਨ ਦੇ ਦੋਸ਼ ਵੀ ਲਾਏ ਹਨ ਤੇ ਇੰਝ ਕੁੱਲ ਰਕਮ 30 ਲੱਖ ਰੁਪਏ ਲੁੱਟਣ ਦੇ ਦੋਸ਼ ਲਾਏ ਹਨ। ਟਵੀਟ ਵਿਚ ਬੈਨੀਵਾਲ ਦੇ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਲਿਖੇ ਹਨ, ਜਿਨ੍ਹਾਂ ਦੇ ਨਾਂ ਉਤੇ ਸਬੰਧਤ ਜਾਇਦਾਦਾਂ ਬੋਲਦੀਆਂ ਹਨ।

Leave a Reply

Your email address will not be published. Required fields are marked *