ਚੰਡੀਗੜ੍ਹ, 5 ਅਗਸਤ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵਿੱਚ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਧਰਮ ਨਿਰਪੱਖ ਕਿਰਦਾਰ ਦੀਆਂ ਹੋਈਆਂ ਉਲੰਘਣਾਵਾਂ ਬਾਰੇ ਭਰਵੀਂ ਚਰਚਾ ਕੀਤੀ ਗਈ। ਮੀਟਿੰਗ ਨੇ ਕਿਸਾਨ ਮੋਰਚੇ ਦੀ ਧਰਮ ਨਿਰਪੱਖ ਬਣਤਰ ਨੂੰ ਮੁੜ ਉਚਿਆਇਆ ਹੈ ਅਤੇ ਇਸ ਉੱਪਰ ਪਹਿਰਾ ਦੇਣ ਦਾ ਅਹਿਦ ਦੁਹਰਾਇਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੀਟਿੰਗ ਦੇ ਵੇਰਵੇ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਘੋਲ਼ ਦੌਰਾਨ ਕਿਸੇ ਧਾਰਮਿਕ ਸ਼ਖ਼ਸੀਅਤ ਜਾਂ ਵਿਵਾਦਤ ਧਾਰਮਿਕ ਸ਼ਖ਼ਸੀਅਤ ਨੂੰ ਭੰਡਣਾ ਜਾਂ ਉਚਿਆਉਣਾ ਮੋਰਚੇ ਦੀ ਧਰਮ ਨਿਰਪੱਖਤਾ ਦਾ ਉਲੰਘਣ ਕਰਨਾ ਬਣਦਾ ਹੈ। ਪਿਛਲੇ ਦਿਨੀਂ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਸ੍ਰੀ ਰੁਲਦੂ ਸਿੰਘ ਮਾਨਸਾ ਨੇ ਅਜਿਹੀ ਵਿਵਾਦਤ ਬਿਆਨਬਾਜ਼ੀ ਕਰਕੇ ਮੋਰਚੇ ਦੀ ਧਰਮ ਨਿਰਪੱਖਤਾ ਦਾ ਉਲੰਘਣ ਕੀਤਾ ਹੈ। ਮੰਦੀ ਭਾਸ਼ਾ ਦੀ ਵਰਤੋਂ ਕਰਕੇ ਸਿੱਖ ਜਜ਼ਬਾਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ। ਉਸਦੀ ਇਸ ਅਣਉਚਿਤ ਕਾਰਵਾਈ ਦਾ ਮੋਰਚੇ ਦੀਆਂ ਦੋਖੀ ਸ਼ਕਤੀਆਂ ਨੇ ਲਾਹਾ ਲਿਆ ਹੈ। ਮੋਰਚੇ ਖਿਲਾਫ ਮੰਦ-ਕਲਾਮੀ ਦੀ ਝੜੀ ਲਾਈ ਹੈ। ਦੂਜੇ ਪਾਸੇ ਮੋਰਚੇ ਵਿੱਚ ਸ਼ਾਮਲ ਹੋਰਨਾਂ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੋਰਚੇ ਦੀਆਂ ਸਟੇਜਾਂ ਨੂੰ ਧਾਰਮਿਕ ਸ਼ਖ਼ਸੀਅਤ ਜਾਂ ਵਿਵਾਦਤ ਧਾਰਮਿਕ ਸ਼ਖ਼ਸੀਅਤ ਦਾ ਗੁਣ-ਗਾਨ। ਕਰਨ ਲਈ ਵਰਤਣਾ ਵੀ ਧਰਮ-ਨਿਰਪੱਖਤਾ ਦਾ ਉਲੰਘਣ ਬਣਦਾ ਹੈ। ਦੋਹਾਂ ਪੱਖਾਂ ਨੂੰ ਅੱਗੇ ਤੋਂ ਸ੍ਵੈ-ਜਬਤ ਤੋਂ ਕੰਮ ਲੈਣ ਦੀ ਜ਼ਰੂਰਤ ਹੈ।
ਸਿੱਖ ਬਨਾਮ ਕਾਮਰੇਡ ਦਾ ਬਿਰਤਾਂਤ ਕਿਸਾਨ ਮੋਰਚੇ ਉੱਪਰ ਬਾਹਰੋਂ ਮੜ੍ਹਿਆ ਹੋਇਆ ਬਿਰਤਾਂਤ ਹੈ। ਇਹ ਬਿਰਤਾਂਤ ਮੋਰਚੇ ਵਿੱਚ ਪਾਟਕ ਪਾਉਣ ਦੇ ਮਨਸ਼ੇ ਨਾਲ ਮੜ੍ਹਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਮੁਲਕ ਭਰ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਦੀ ਵਿਚਾਰਧਾਰਾ ਅਤੇ ਧਾਰਮਿਕ ਅਕੀਦੇ ਵੱਖ-ਵੱਖ ਹੋ ਸਕਦੇ ਹਨ ਪਰ ਇਹ ਉਨ੍ਹਾਂ ਦੇ ਵਿਅਕਤੀਗਤ ਵਿਚਾਰ ਹਨ। ਆਗੂਆਂ ਦੇ ਵਿਅਕਤੀਗਤ ਵਿਚਾਰ ਜਥੇਬੰਦੀਆਂ ਦੇ ਕਿਰਦਾਰ ਨੂੰ ਤਹਿ ਨਹੀਂ ਕਰਦੇ। ਕਿਸਾਨ ਮੋਰਚੇ ਵਿੱਚ ਇਨ੍ਹਾਂ ਆਗੂਆਂ ਦੀ ਸ਼ਮੂਲੀਅਤ ਵਿਚਾਰਧਾਰਕ ਜਾਂ ਧਾਰਮਿਕ ਆਗੂਆਂ ਵਜੋਂ ਨਹੀਂ ਹੈ, ਕਿਸਾਨ ਆਗੂਆਂ ਵਜੋਂ ਹੈ।ਇਹੀ ਪੈਂਤੜਾ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਦਾ ਆਧਾਰ ਹੈ। ਇਸ ਏਕਤਾ ਨੂੰ ਵਿਚਾਰਧਾਰਾ,ਧਰਮ,ਜਾਤੀ, ਅਤੇ ਇਲਾਕਾਵਾਦ ਦੇ ਆਧਾਰ ‘ਤੇ ਵੰਡਣਾ ਹਾਕਮਾਂ ਦੀ ਚਾਲ ਹੈ। ਉਨ੍ਹਾਂ ਦੀ ਖੋਰੀ ਸਿਆਸਤ ਹੈ। ਮੋਰਚੇ ਦੀ ਧਰਮ-ਨਿਰਪੱਖਤਾ, ਗੈਰ-ਪਾਰਟੀ ਬਣਤਰ ਅਤੇ ਸਰਵਪ੍ਰਵਾਨਤ ਘੋਲ਼ ਰੂਪਾਂ ਨੂੰ ਲਾਗੂ ਕਰਨ ਲਈ ਪਾਬੰਦ ਰਹਿਣਾ ਸਾਡੀ ਸਰਬ-ਸਾਂਝੀ ਲੋੜ ਹੈ। ਜਥੇਬੰਦੀ ਵੱਲੋਂ ਜਾਗਰਤ ਕਿਸਾਨ ਸਮੂਹਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਸੇਧ ਉੱਪਰ ਪਹਿਰੇਦਾਰੀ ਕਰਨ ਲਈ ਸਰਗਰਮ ਦਖਲਅੰਦਾਜ਼ੀ ਕਰਨ ਲਈ ਤਾਣ ਲਾਉਣ।