ਸ਼੍ਰੀਨਗਰ, 14 ਸਤੰਬਰ (ਦਲਜੀਤ ਸਿੰਘ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਮੰਗਲਵਾਰ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵਲੋਂ ਕੀਤੇ ਗਏ ਇਕ ਗ੍ਰਨੇਡ ਹਮਲੇ ’ਚ ਘੱਟੋ-ਘੱਟ 4 ਨਾਗਰਿਕ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅੱਤਵਾਦੀਆਂ ਨੇ ਮੰਗਲਵਾਰ ਦੁਪਹਿਰ ਪੁਲਵਾਮਾ ਚੌਕ ’ਤੇ ਸੁਰੱਖਿਆ ਫ਼ੋਰਸਾਂ ਦੇ ਇਕ ਵਾਹਨ ਵੱਲ ਗ੍ਰਨੇਡ ਸੁੱਟਿਆ ਪਰ ਗ੍ਰਨੇਡ ਸੜਕ ਕਿਨਾਰੇ ਫਟ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।
ਕਸ਼ਮੀਰ ’ਚ ਹਾਲ ਦੇ ਦਿਨਾਂ ’ਚ ਅੱਤਵਾਦੀਆਂ ਦੇ ਗ੍ਰਨੇਡ ਹਮਲੇ ਵੱਧ ਗਏ ਹਨ। ਪਿਛਲੇ ਹਫ਼ਤੇ ਸ਼ਹਿਰ ਦੇ ਚਨਾਪੋਰਾ ਇਲਾਕੇ ’ਚ ਇਕ ਗ੍ਰਨੇਡ ਹਮਲੇ ’ਚ 2 ਜਨਾਨੀਆਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਮਾਰਗ 44 ਦੇ ਅਧੀਨ ਰੁਝੇ ਮਾਰਗ ’ਤੇ ਅੱਤਵਾਦੀਆਂ ਵਲੋਂ ਲਗਾਏ ਗਏ 6 ਗ੍ਰਨੇਡ ਦਾ ਪਤਾ ਲਗਾਇਆ ਸੀ ਅਤੇ ਉਨ੍ਹਾਂ ਨੂੰ ਨਕਾਰਾ ਕੀਤਾ ਸੀ।