ਜਲੰਧਰ, 14 ਸਤੰਬਰ (ਦਲਜੀਤ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਜਲੰਧਰ ਪਹੁੰਚੇ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਨਾ ਸਿਰਫ ਆਰ. ਡੀ. ਐੱਫ. ਰੋਕਿਆ ਸਗੋਂ ਜੀ. ਐੱਸ. ਟੀ. ਦਾ ਪੈਸਾ ਵੀ ਸਮੇਂ ਸਿਰ ਜਾਰੀ ਨਹੀਂ ਕੀਤਾ। ਇਹੋ ਕਾਰਣ ਹੈ ਕਿ ਪੰਜਾਬ ਵਿਚ ਆਰਥਿਕ ਸਮੱਸਿਆ ਆਈ ਜਿਸ ਕਾਰਣ ਪੰਜਾਬ ਸਰਕਾਰ ਕਈ ਵਾਅਦੇ ਪੂਰੇ ਨਹੀਂ ਕਰ ਸਕੀ ਹਾਲਾਂਕਿ ਬਹੁਤ ਸਾਰੇ ਵਾਅਦੇ ਪੰਜਾਬ ਸਰਕਾਰ ਨੇ ਪੂਰੇ ਕਰ ਦਿੱਤੇ ਹਨ ਪਰ ਕੇਂਦਰ ਸਰਕਾਰ ਵਲੋਂ ਕੀਤੇ ਵਿਤਕਰੇ ਦੇ ਵਤੀਰੇ ਕਾਰਣ ਕੁੱਝ ਵਾਅਦੇ ਰਹਿ ਗਏ ਹਨ।
ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਬਿਹਤਰ ਕੰਮ ਕੀਤਾ ਹੈ ਅਤੇ ਪੰਜਾਬ ਤੇ ਲੋਕਾਂ ਨੂੰ ਚੰਗੇ ਭਵਿੱਖ ਲਈ ਕਾਂਗਰਸ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ। ਇਸ ਦੌਰਾਨ ਮਨੀਸ਼ ਤਿਵਾੜੀ ਨੇ ਹਰਸਿਮਰਤ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਹਰਸਿਮਰਤ ਨੇ ਅਜੇ ਤਕ ਸਪਸ਼ੱਟ ਨਹੀਂ ਕੀਤਾ ਹੈ ਕਿ ਉਨ੍ਹਾਂ ਨੇ 3 ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਾਂਗਰਸ ਨੇ ਹੀ ਸਭ ਤੋਂ ਪਹਿਲਾਂ ਇਨ੍ਹਾਂ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਸੀ।