ਮੁੰਬਈ -ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ ’ਚ ਰਾਜਸਥਾਨ ਦੇ ਉਦੈਪੁਰ ’ਚ 7 ਫੇਰੇ ਲਏ। ਹੁਣ ਦੋਵੇਂ ਪਤੀ-ਪਤਨੀ ਹਨ। ਉਨ੍ਹਾਂ ਦੇ ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਹਰਭਜਨ ਸਿੰਘ ਆਪਣੀ ਪਤਨੀ ਗੀਤਾ ਬਸਰਾ ਤੇ ਬੱਚਿਆਂ ਸਮੇਤ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਸਾਨੀਆ ਮਿਰਜ਼ਾ ਤੇ ਮਨੀਸ਼ ਮਲਹੋਤਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਵੀ ਮਹਿਮਾਨ ਦੇ ਤੌਰ ’ਤੇ ਵਿਆਹ ’ਚ ਸ਼ਿਰਕਤ ਕੀਤੀ। ਰਾਘਵ ਤੇ ਪਰਿਣੀਤੀ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ ਹੋਟਲ ’ਚ ਹੋਇਆ ਸੀ।
और जानें
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਹਾਈ-ਪ੍ਰੋਫਾਈਲ ਵਿਆਹ ’ਚ ਬਾਲੀਵੁੱਡ ਦਾ ਕੋਈ ਵੀ ਵੱਡਾ ਸਿਤਾਰਾ ਵਿਆਹ ’ਚ ਸ਼ਾਮਲ ਨਹੀਂ ਹੋਇਆ। ਪਰਿਣੀਤੀ ਚੋਪੜਾ ਨੇ ਆਪਣੇ ਵਿਆਹ ਨੂੰ ਇਕ ਸ਼ਾਨਦਾਰ ਸਮਾਗਮ ’ਚ ਬਦਲ ਦਿੱਤਾ ਹੈ ਪਰ ਉਸ ਨੇ ਸਿਰਫ ਨਜ਼ਦੀਕੀ ਤੇ ਖ਼ਾਸ ਦੋਸਤਾਂ ਨੂੰ ਸੱਦਾ ਦਿੱਤਾ। ਉਹ ਚਾਹੁੰਦੀ ਸੀ ਕਿ ਉਸ ਦੇ ਨਜ਼ਦੀਕੀ ਦੋਸਤ ਉਸ ਦੇ ਖ਼ਾਸ ਦਿਨ ’ਚ ਸ਼ਾਮਲ ਹੋਣ।
ਸੂਤਰਾਂ ਮੁਤਾਬਕ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਦੋਸਤਾਂ ਲਈ 2 ਰਿਸੈਪਸ਼ਨ ਪਾਰਟੀਆਂ ਤਿਆਰ ਕੀਤੀਆਂ ਹਨ। ਨਵਾਂ ਵਿਆਹੁਤਾ ਜੋੜਾ ਦੋ ਰਿਸੈਪਸ਼ਨ ਪਾਰਟੀਆਂ ਦੀ ਮੇਜ਼ਬਾਨੀ ਕਰੇਗਾ। ਇਹ ਰਿਸੈਪਸ਼ਨ ਰਾਤ ਨੂੰ ਹੋਵੇਗੀ। ਇਕ ਦਿੱਲੀ ’ਚ ਤੇ ਦੂਜੀ ਮੁੰਬਈ ’ਚ।
ਸੂਤਰਾਂ ਨੇ ਅੱਗੇ ਕਿਹਾ ਕਿ ਦਿੱਲੀ ਰਿਸੈਪਸ਼ਨ ’ਚ ਕਈ ਰਾਜਨੇਤਾ ਨਜ਼ਰ ਆਉਣਗੇ, ਜੋ ਰਾਘਵ ਚੱਢਾ ਦੇ ਕਰੀਬ ਹੋਣਗੇ, ਜਦਕਿ ਮੁੰਬਈ ’ਚ ਪਰਿਣੀਤੀ ਨੇ ਆਪਣੇ ਫ਼ਿਲਮ ਇੰਡਸਟਰੀ ਦੇ ਦੋਸਤਾਂ ਨੂੰ ਸੱਦਾ ਦਿੱਤਾ ਹੈ।
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ’ਚ ਸ਼ਾਮਲ ਹੋਏ ਮਹਿਮਾਨ ਰਾਤ ਭਰ ਵਿਆਹ ਵਾਲੀ ਥਾਂ ’ਤੇ ਹੀ ਰਹੇ। ਸਾਰੇ ਮਹਿਮਾਨਾਂ ਨੇ ਰਾਤ ਰੁਕਣ ਦੀ ਯੋਜਨਾ ਬਣਾਈ ਸੀ। ਦੋਵੇਂ ਮੁੱਖ ਮੰਤਰੀ ਸੋਮਵਾਰ ਨੂੰ ਰਾਜਸਥਾਨੀ ਨਾਸ਼ਤਾ ਕਰਨਗੇ ਤੇ ਆਪੋ-ਆਪਣੇ ਸੂਬਿਆਂ ਲਈ ਰਵਾਨਾ ਹੋਣਗੇ।
ਇਸ ਤੋਂ ਇਲਾਵਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵੀ ਸੋਮਵਾਰ ਨੂੰ ਉਦੈਪੁਰ ਤੋਂ ਰਵਾਨਾ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਵੀ ਆਉਣ ਵਾਲੀ ਫ਼ਿਲਮ ‘ਮਿਸ਼ਨ ਰਾਣੀਗੰਜ’ ਦੀ ਪ੍ਰਮੋਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ।
‘ਮਿਸ਼ਨ ਰਾਣੀਗੰਜ’ 6 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਅਸਲ ਘਟਨਾ ’ਤੇ ਆਧਾਰਿਤ ਇਸ ਫ਼ਿਲਮ ’ਚ ਪਰਿਣੀਤੀ ਅਕਸ਼ੇ ਕੁਮਾਰ ਦੇ ਨਾਲ ਹੈ। ਪਰਿਣੀਤੀ ਫ਼ਿਲਮ ਦੀ ਪ੍ਰਮੋਸ਼ਨ ਲਈ ਆਪਣਾ ਹਨੀਮੂਨ ਵੀ ਮੁਲਤਵੀ ਕਰਨ ਦੀ ਯੋਜਨਾ ਬਣਾ ਸਕਦੀ ਹੈ।