ਲੁਧਿਆਣਾ: ਸ਼ਿਵਸੈਨਾ ਨੇਤਾਵਾਂ ਦੇ ਘਰ ’ਤੇ ਪੈਟ੍ਰੋਲ ਬੰਬ ਸੁੱਟਣ ਦੇ ਮਾਮਲੇ ’ਚ ਫਰਾਰ ਚੱਲ ਰਹੇ 5ਵੇਂ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਮੋਨੂ ਬਾਬਾ ਦੀ ਪੁਲਸ ਲਗਾਤਾਰ ਭਾਲ ਕਰ ਰਹੀ ਹੈ। ਪੁਲਸ ਸੂਤਰ ਦੱਸਦੇ ਹਨ ਕਿ ਮੁਲਜ਼ਮ ਦੀ ਮੋਬਾਈਲ ਲੋਕੇਸ਼ਨ ਮਿਲੀ ਸੀ ਪਰ ਜਦੋਂ ਪੁਲਸ ਉਥੇ ਪੁੱਜੀ ਤਾਂ ਪਤਾ ਲੱਗਾ ਕਿ ਮੋਨੂ ਬਾਬਾ ਦਾ ਕਿਸੇ ਨੇ ਮੋਬਾਈਲ ਚੋਰੀ ਕਰ ਲਿਆ ਸੀ। ਹੁਣ ਪੁਲਸ ਉਸ ਨੂੰ ਲੱਭਣ ਲਈ ਧਾਰਮਿਕ ਡੇਰਿਆਂ ’ਚ ਜਾ ਰਹੀ ਹੈ। ਇਸ ਲਈ ਅਧਿਕਾਰੀਆਂ ਵੱਲੋਂ 5 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।
ਦੂਜੇ ਪਾਸੇ ਫੜੇ ਗਏ ਮੁਲਜ਼ਮਾਂ ਤੋਂ ਲਗਾਤਾਰ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਇੰਗਲੈਂਡ ’ਚ ਰਹਿਣ ਵਾਲੇ ਹਰਜੀਤ ਸਿੰਘ ਉਰਫ ਲਾਡੀ ਨੇ ਪੁਰਤਗਾਲ ’ਚ ਬੈਠੇ ਜਸਵਿੰਦਰ ਸਿੰਘ ਉਰਫ ਸਾਬੀ ਨਾਲ ਮਿਲ ਕੇ ਸਾਰੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਸਾਬੀ ਨੇ ਇਸ ਘਟਨਾ ਲਈ ਨਵਾਂਸ਼ਹਿਰ ਦੇ ਰਹਿਣ ਵਾਲੇ ਰਵਿੰਦਰਪਾਲ ਸਿੰਘ ਉਰਫ ਰਵੀ ਨੂੰ ਕੰਮ ਸੌਂਪਿਆ ਸੀ ਕਿਉਂਕਿ ਸਾਬੀ ਵੀ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਇਸ ਲਈ ਸਾਬੀ ਅਤੇ ਰਵੀ ਆਪਸ ’ਚ ਪਹਿਲਾਂ ਹੀ ਜਾਣਕਾਰ ਸਨ।