ਨਵੀਂ ਦਿੱਲੀ: ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਹੋਰ ਵਧ ਗਈਆਂ ਹਨ। ਅਦਾਕਾਰ ਦੀ ਜਾਨ ਨੂੰ ਲਗਾਤਾਰ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਫੜ ਕੇ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਵਿਅਕਤੀ ਨੇ ਅਦਾਕਾਰ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਸੀ ਅਤੇ ਟ੍ਰੈਫਿਕ ਪੁਲਿਸ ਹੈਲਪਲਾਈਨ ‘ਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜ਼ਮ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਬਿਕਰਮ ਜਲਰਾਮ ਬਿਸ਼ਨੋਈ, ਜੋ ਕਿ ਲਾਰੇੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕਰਦਾ ਹੈ, ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਹਾਵੇਰੀ ਦੇ ਪੁਲਿਸ ਸੁਪਰਡੈਂਟ ਅੰਸ਼ੂ ਕੁਮਾਰ ਨੇ ਸਮਾਚਾਰ ਏਜੰਸੀ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ, ‘ਮਹਾਰਾਸ਼ਟਰ ਏਟੀਐਸ (ਅੱਤਵਾਦ ਵਿਰੋਧੀ ਦਸਤੇ) ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਹਾਵੇਰੀ ਕਸਬੇ ‘ਚ ਇਕ ਵਿਅਕਤੀ ਨੂੰ ਫੜਿਆ ਗਿਆ ਅਤੇ ਉਸ ਨੂੰ ਅੱਜ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।’