ਲੁਧਿਆਣਾ : ਪੰਜਾਬ ਦੀ ਸਨਅਤੀ ਰਾਜਧਾਨੀ ਲਗਾਤਾਰ ਤੀਜੇ ਦਿਨ ਵੀ ਪ੍ਰਦੂਸ਼ਣ ਦੀ ਜ਼ਦ ਵਿਚ ਰਹੀ ਜਿਸ ਕਾਰਨ ਏਕਿਊਆਈ ਵੀ 300 ਤੋਂ ਪਾਰ ਰਿਹਾ। ਹਵਾ ਵਿਚ ਪ੍ਰਦੂਸ਼ਣ ਵਧਣ ਨਾਲ ਲੋਕਾਂ ਨੂੰ ਘੁਟਣ, ਘਬਰਾਹਟ ਤੇ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਰਹੀ ਸੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਦੋ ਨਵੰਬਰ ਦੀ ਅੱਧੀ ਰਾਤ ਤੋਂ ਲੈ ਕੇ ਐਤਵਾਰ ਸਵੇਰੇ ਅੱਠ ਵਜੇ ਤੱਕ ਬਹੁਤ ਜ਼ਿਆਦਾ ਪ੍ਰਦੂਸ਼ਣ ਕਾਰਨ ਸਮੌਗ ਵਰਗੇ ਹਾਲਾਤ ਬਣੇ ਰਹੇ। ਅਜਿਹਾ ਲੱਗ ਰਿਹਾ ਸੀ ਜਿਵੇਂ ਧੁੰਦ ਛਾਈ ਹੋਵੇ। ਇਸ ਨੂੰ ਵੇਖ ਕੇ ਸੈਰ ਲਈ ਨਿਕਲੇ ਲੋਕ ਹੈਰਾਨ ਹੋਏ। ਇਹੀ ਨਹੀਂ ਸਮਾਗ ਕਾਰਨ ਸਵੇਰੇ ਤੇ ਸ਼ਾਮ ਵੇਲੇ ਦਿਸਣ ਹੱਦ ਵੀ ਪ੍ਰਭਾਵਤ ਹੋਈ। ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਹੈੱਡ ਲਾਈਟ ਜਗਾ ਕੇ ਜਾਣਾ ਪਿਆ।
ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਮੁਤਾਬਿਕ ਪੰਜਾਬ ਦੇ ਕਈ ਜ਼ਿਲਿ੍ਆਂ ਵਿਚ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਚੁੱਕਾ ਹੈ ਕਿ ਸਮੌਗ ਛਾਉਣ ਲੱਗਾ ਹੈ। ਸਮੌਗ ਕਾਰਨ ਦਿਸਣ ਹੱਦ ਵੀ ਪ੍ਰਭਾਵਤ ਹੋ ਰਹੀ ਹੈ।
ਸਮੌਗ ਖਤਮ ਹੋਣ ਲਈ ਮੀਂਹ ਜਾਂ 15 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣੀ ਜ਼ਰੂਰੀ ਹੈ ਪਰ ਇਸ ਸਮੇਂ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਸ ਮੁਤਾਬਿਕ ਦਸ ਨਵੰਬਰ ਤੱਕ ਸਮੌਗ ਦੇ ਹਟਣ ਦੀ ਸੰਭਾਵਨਾ ਨਹੀਂ ਹੈ। ਕਿਉਂਕਿ ਇਸ ਸਮੇਂ ਸ਼ਾਂਤ ਹਾਲਾਤ ਇਹ ਨੇ ਕਿ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਯਾਨੀ ਕਿ ਹਵਾ ਬਿਲਕੁਲ ਸ਼ਾਂਤ ਤੇ ਰੁਕੀ ਹੋਈ ਹੈ। ਹਵਾ ਦੀ ਰਫਤਾਰ ਵੀ ਪੰਜ ਤੋਂ ਛੇ ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਹਾਲਾਂਕਿ ਪੱਛਮੀ ਪੌਣਾ ਸਰਗਰਮ ਹੋਣ ਦੀ ਸੰਭਾਵਨਾ ਹੈ ਪਰ ਇਹ ਪੂਰੀ ਤਰ੍ਹਂ ਨਾਲ ਸਰਗਰਮ ਨਹੀਂ ਹੋਣਗੀਆਂ ਜਿਸ ਕਾਰਨ ਤੇਜ਼ ਹਵਾ ਚੱਲਣ ਤੇ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਅਜਿਹੇ ਵਿਚ ਲੋਕਾਂ ਨੂੰ ਸਮੌਗ ਤੋਂ ਬਚਣ ਲਈ ਜ਼ਰੂਰੀ ਸਾਵਧਾਨੀ ਰੱਖਣੀ ਜ਼ਰੂਰੀ ਹੈ। ਦੂਜੇ ਪਾਸੇ ਸ਼ਹਿਰ ਦੇ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਪ੍ਰਦੂਸ਼ਤ ਹਵਾ ਵਿਚ ਵੱਧ ਦੇਰ ਰੁਕਣ ਤੋਂ ਬਚਣ। ਖਾਸ ਕਰ ਕੇ ਬੱਚੇ, ਬਜ਼ੁਰਗ ਤੇ ਦਿਲ ਦੇ ਰੋਗਾਂ ਦੇ ਨਾਲ-ਨਾਲ ਦੂਜੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਚੌਕਸੀ ਵਰਤਣ ਦੀ ਲੋੜ ਹੈ, ਥੋੜ੍ਹੀ ਜਿਹੀ ਲਾਪ੍ਰਵਾਹੀ ਸਿਹਤ ’ਤੇ ਭਾਰੀ ਪੈ ਸਕਦੀ ਹੈ।