ਐਡਵੋਕੇਟ ਧਾਮੀ ਲਗਾਤਾਰ ਚੌਥੀ ਵਾਰ ਬਣੇ SGPC ਦੇ ਪ੍ਰਧਾਨ, ਸ਼ੇਰ ਸਿੰਘ ਮੰਡ ਜਨਰਲ ਸਕੱਤਰ ਬਣੇ

ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਹੋਈ ਸਲਾਨਾ ਚੋਣ ਵਿੱਚ ਸੋਮਵਾਰ ਨੂੰ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।

ਸਲਾਨਾ ਜਨਰਲ ਇਜਲਾਸ ਦੌਰਾਨ ਕੁੱਲ 142 ਮੈਂਬਰਾਂ ਨੇ ਵੋਟ ਪਾਈ ਅਤੇ ਐਡਵੋਕੇਟ ਧਾਮੀ ਨੂੰ 107 ਵੋਟਾਂ ਹਾਸਲ ਹੋਈਆਂ। ਪ੍ਰਧਾਨ ਦੇ ਅਹੁਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹੀ ਮਿਲੀਆਂ ਜਦੋਂਕਿ 2 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਇਜਲਾਸ ਦੌਰਾਨ ਅਰਦਾਸ ਤੋਂ ਬਾਅਦ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਇਸ ਤੋਂ ਇਲਾਵਾ 11 ਮੈਂਬਰ ਅੰਤਰਿੰਗ ਕਮੇਟੀ ਵਾਸਤੇ ਚੁਣੇ ਗਏ ਹਨ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਬਾਕੀ ਅਹੁਦਿਆਂ ਵਾਸਤੇ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਪੇਸ਼ ਨਹੀਂ ਕੀਤਾ ਗਿਆ, ਜਿਸ ਕਾਰਨ ਬਾਕੀ ਸਾਰੇ ਅਹੁਦੇਦਾਰ ਬਿਨਾਂ ਵਿਰੋਧ ਚੁਣੇ ਗਏ ਹਨ।

ਇਸ ਚੋਣ ਵਿੱਚ ਬੀਬੀ ਜਗੀਰ ਕੌਰ 74 ਵੋਟਾਂ ਨਾਲ ਹਾਰੇ ਹਨ। ਉਨ੍ਹਾਂ ਨੂੰ 2022 ਵਿੱਚ 42 ਵੋਟਾਂ ਮਿਲੀਆਂ ਸਨ, ਪਰ ਇਸ ਵਾਰ ਉਹ ਸਿਰਫ 33 ਵੋਟਾਂ ਹੀ ਹਾਸਲ ਕਰ ਸਕੇ।

ਸ਼੍ਰੋਮਣੀ ਕਮੇਟੀ ਸਾਲਾਨਾ ਚੋਣ ਨਤੀਜਾ
ਕੁੱਲ ਪਈਆਂ ਵੋਟਾਂ : 142

ਐਡਵੋਕੇਟ ਹਰਜਿੰਦਰ ਸਿੰਘ ਧਾਮੀ : 107

ਬੀਬੀ ਜਗੀਰ ਕੌਰ : 33

ਰੱਦ : 2

Leave a Reply

Your email address will not be published. Required fields are marked *