Barnala Bye-Election 2024 : ਪੰਥਕ ਇਕੱਤਰਤਾ ਦੌਰਾਨ ਅਕਾਲੀ ਦਲ (ਅ) ਨੇ ਗੋਵਿੰਦ ਸਿੰਘ ਸੰਧੂ ਨੂੰ ਬਰਨਾਲਾ ਤੋਂ ਉਮੀਦਵਾਰ ਐਲਾਨਿਆ

ਬਰਨਾਲਾ : ਜ਼ਿਮਨੀ ਚੋਣ ਨੂੰ ਲੈ ਕੇ ਪੰਥਕ ਇਕੱਤਰਤਾ ਦੌਰਾਨ ਜੈਕਾਰਿਆਂ ਦੀ ਗੂੰਜ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਉਮੀਦਵਾਰ ਐਲਾਨਿਆ ਗਿਆ, ਜਦੋਂਕਿ ਬਾਕੀ ਦੇ ਤਿੰਨ ਹਲਕਿਆਂ ਗਿੱਦੜਵਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਲਈ ਉਮੀਦਵਾਰਾਂ ਦਾ ਫੈਸਲਾ ਅਗਲੀ ਮੀਟਿੰਗ ‘ਚ ਲਿਆ ਜਾਵੇਗਾ। ਇਕੱਤਰਤਾ ‘ਚ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਗੋਵਿੰਦ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ।

ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਅਤੇ ਜ਼ਿਮਨੀ ਚੋਣਾਂ ‘ਚ ਪੰਥਕ ਧਿਰਾਂ ਦੇ ਉਮੀਦਵਾਰਾਂ ਨੂੰ ਮਜਬੂਤੀ ਨਾਲ ਉਭਾਰਨ ਦੇ ਮੰਤਵ ਨਾਲ ਅੱਜ ਪ੍ਰੈਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਇਕੱਤਰਤਾ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਉਚੇਚੇ ਤੌਰ ‘ਤੇ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਸਮੇਤ ਵੱਖ-ਵੱਖ ਪੰਥਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ਦੌਰਾਨ ਜਿੱਥੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਵੱਖ-ਵੱਖ ਮਸਲਿਆਂ ਦਾ ਇਨਸਾਫ ਲੈਣ, ਦੇਸ਼ ਤੇ ਵਿਦੇਸ਼ ਵਿੱਚ ਸਿੱਖ ਆਗੂਆਂ ਦੇ ਕਰਵਾਏ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਤੇ ਜ਼ਿਮਨੀ ਚੋਣ ‘ਚ ਪੰਥਕ ਉਮੀਦਵਾਰਾਂ ਨੂੰ ਜਿਤਾ ਕੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਵਿਚਾਰ ਚਰਚਾ ਕੀਤੀ ਗਈ, ਉੱਥੇ ਹੀ ਪੰਥਕ ਧਿਰਾਂ ਵੱਲੋਂ ਬਰਨਾਲਾ ਤੋਂ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦਾ ਨਾਂ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਪੰਥਕ ਧਿਰਾਂ ਦੇ ਨੁਮਾਇੰਦਿਆਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨਗੀ ਦਿੱਤੀ ਗਈ।

ਪੱਤਰਕਾਰਾਂ ਵੱਲੋਂ ਗੋਵਿੰਦ ਸਿੰਘ ਸੰਧੂ ਦੇ ਪਿਛੋਕੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਗੋਵਿੰਦ ਸਿੰਘ ਸੰਧੂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੇ ਭਰਾ ਭਾਈ ਕਰਮ ਸਿੰਘ ਦੇ ਵੰਸ਼ ਹਨ, ਜੋ ਆਪਣੀ ਕਹਿਣੀ ਅਤੇ ਕਰਨੀ ਦੇ ਪੱਕੇ ਹਨ। ਇੱਕ ਚੰਗੇ ਪੰਥਕ ਆਗੂ ਵਾਲੇ ਗੋਵਿੰਦ ਸਿੰਘ ਸੰਧੂ ‘ਚ ਸਾਰੇ ਗੁਣ ਹਨ। ਸੰਧੂ ਪਿਛਲੇ ਚਾਰ ਪੰਜ ਸਾਲਾਂ ਤੋਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਲੋਕਾਂ ‘ਚ ਲਗਾਤਾਰ ਵਿਚਰ ਰਹੇ ਹਨ। ਉਹ ਸਬੰਧਤ ਇਲਾਕੇ ਦੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੀ ਸਮਰੱਥਾ ਵੀ ਰੱਖਦੇ ਹਨ।

ਅੱਜ ਦੀ ਇਕੱਤਰਤਾ ‘ਚ ਉਪਰੋਕਤ ਆਗੂਆਂ ਤੋਂ ਇਲਾਵਾ ਦਲ ਖਾਲਸਾ ਤੋਂ ਭਾਈ ਪਰਮਜੀਤ ਸਿੰਘ ਮੰਡ, ਕਿਸਾਨ ਵਿੰਗ ਤੋਂ ਬਲਜੀਤ ਸਿੰਘ ਭਾਊ, ਬਾਬਾ ਕੁਲਵਿੰਦਰ ਸਿੰਘ ਨਿਹੰਗ ਸਿੰਘ, ਪਰਵਿੰਦਰ ਸਿੰਘ ਤਲਵਾੜਾ, ਅਜੇਪਾਲ ਸਿੰਘ ਬਰਾੜ ਮਿਸ਼ਨ ਸਤਲੁਜ, ਬਲਬੀਰ ਸਿੰਘ ਕੌਮੀ ਇਨਸਾਫ ਮੋਰਚਾ, ਸਤਵੰਤ ਸਿੰਘ ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ, ਵਿਦਿਆਰਥੀ ਜਥੇਬੰਦੀ ਸੱਥ ਤੋਂ ਦਰਸ਼ਪ੍ਰੀਤ ਸਿੰਘ, ਜਤਿੰਦਰ ਸਿੰਘ ਗੁਰੂ ਕਾ ਬਾਗ, ਸ਼ਰਨਜੀਤ ਸਿੰਘ ਨਿਹੰਗ ਸਿੰਘ, ਬਾਬਾ ਸਤਨਾਮ ਸਿੰਘ ਨਿਹੰਗ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਹੋਰ ਵੱਖ ਵੱਖ ਪੰਥਕ ਧਿਰਾਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨਾਂ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ. ਗੋਵਿੰਦ ਸਿੰਘ ਸੰਧੂ ਦੀ ਜਿੱਤ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ।

Leave a Reply

Your email address will not be published. Required fields are marked *