Stubble Burning: ਪਰਾਲੀ ਸਾੜਨ ਦੇ ਮਾਮਲੇ ਵਧਣ ਦੇ ਨਾਲ ਪੰਜਾਬ ਦੀ ਹਵਾ ਹੋਈ ਦੂਸ਼ਿਤ, AQI 120 ਤੋਂ ਪਾਰ

ਪਰਾਲੀ ਨੂੰ ਸਾੜਨ ਦੇ ਮਾਮਲੇ ਵਧਣ ਦੇ ਨਾਲ ਹਵਾ ਦਾ ਪ੍ਰਦੂਸ਼ਿਤ ਹੋਣ ਲੱਗੀ ਹੈ। ਪਿਛਲੇ ਦਿਨਾਂ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਹਵਾ ’ਚ ਭਾਰੀ ਤੱਤਾਂ ਦੀ ਮਾਤਰਾ ਵਧਣ ਲੱਗੀ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਵੀ ਸਾਬਤ ਹੋ ਸਕਦੀ ਹੈ। ਮੌਜੂਦਾ ਦਿਨਾਂ ’ਚ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੀ ਹਵਾ ਫੇਫੜਿਆਂ, ਦਮਾ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼ ਦੇਣ ਵਾਲੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹਵਾ ਵੱਧ ਪ੍ਰਦੂਸ਼ਿਤ ਹੋ ਰਹੀ ਹੈ।

ਏਆਰ ਕੁਆਲਿਟੀ ਇੰਡੈਕਸ ਦੇ ਮਾਪੰਦਡ ਅਨੁਸਾਰ 50 ਤੱਕ ਦੀ ਹਵਾ ਨੂੰ ਚੰਗਾ ਮੰਨਿਆ ਜਾਂਦਾ ਹੈ, ਜਦਕਿ 100 ਤੋਂ ਵੱਧ ਅੰਕ ਵਾਲੀ ਹਵਾ ਮਨੁੱਖ ਲਈ ਖਤਰਨਾਕ ਹੋਣ ਲੱਗਦੀ ਹੈ। ਮੰਗਲਵਾਰ ਨੂੰ ਪੰਜਾਬ ਦੇ ਅੱਠ ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਤੇ ਰੂਪਨਗਰ ’ਚ ਏਕਿਊਆਈ 100 ਤੋਂ ਵੱਧ ਹੀ ਦਰਜ ਹੋਇਆ ਹੈ। 22 ਅਕਤੂਬਰ ਨੂੰ ਪੰਜਾਬ ’ਚ ਪਰਾਲੀ ਨੂੰ ਅੱਗ ਲੱਗਣ ਦੇ 71 ਮਾਮਲੇ ਰਿਪੋਰਟ ਹੋਏ ਹਨ, ਜਿਸ ਨਾਲ ਇਸ ਸਾਲ ਦਾ ਕੁੱਲ ਅੰਕੜਾ 1581 ਤੱਕ ਪੁੱਜ ਗਿਆ ਹੈ, ਜੋਕਿ ਪਿਛਲੇ ਸਾਲ 1794 ਸਨ। ਅੰਮ੍ਰਿਤਸਰ ’ਚ 4, ਬਰਨਾਲਾ ’ਚ 1, ਫਰੀਦਕੋਟ ’ਚ 5, ਫਤਿਹਗੜ੍ਹ ਸਾਹਿਬ ’ਚ 3, ਫਾਜ਼ਿਲਕਾ ’ਚ 3, ਫਿਰੋਜ਼ਪੁਰ ’ਚ 10, ਗੁਰਦਾਸਪੁਰ ’ਚ 1, ਜਲੰਧਰ ’ਚ 2, ਕਪੂਰਥਲਾ ’ਚ 3, ਲੁਧਿਆਣਾ ’ਚ 2, ਮਾਲੇਰਕੋਟਲਾ ’ਚ 1, ਮਾਨਸਾ ’ਚ 4, ਮੋਗਾ ’ਚ 1, ਪਟਿਆਲਾ ’ਚ 8, ਸੰਗਰੂਰ ’ਚ 8 ਤੇ ਤਰਨਤਾਰਨ ’ਚ 15 ਮਾਮਲੇ ਸਾਹਮਣੇ ਆਏ ਹਨ।

0-50 ਤੱਕ ਦੇ ਏਅਰ ਕੁਆਲਿਟੀ ਇੰਡੈਕਸ ਵਾਲੀ ਹਵਾ ਨੂੰ ਚੰਗਾ ਮੰਨਿਆ ਜਾਂਦਾ ਹੈ, ਜਿਸ ਦਾ ਮਨੁੱਖ ’ਤੇ ਘੱਟ ਪ੍ਰਭਾਵ ਹੁੰਦਾ ਹੈ। 51-100 ਤੱਕ ਏ ਕਿਊ ਆਈ ਸੰਤੁਸ਼ਟੀਜਨਕ ਹੈ। ਸੰਵੇਦਨਸ਼ੀਲ ਲੋਕਾਂ ਲਈ ਸਾਹ ਲੈਣ ’ਚ ਔਖ ਹੁੰਦੀ ਹੈ। 101-200 ਤੱਕ ਦੇ ਏ ਕਿਊ ਆਈ ’ਚ ਫੇਫੜਿਆਂ, ਦਮਾ ਤੇ ਦਿਲ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋ ਸਕਦੀ ਹੈ। 201-300 ਏਕਿਊਆਈ ਮਨੁੱਖ ਸਿਹਤ ਲਈ ਮਾੜਾ ਹੈ, ਲੰਬੇ ਸਮੇਂ ਤੱਕ ਇਸ ਹਵਾ ਦੇ ਸੰਪਰਕ ’ਚ ਰਹਿਣ ’ਤੇ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। 301-400 ਏਕਿਊਆਈ ਵਾਲੀ ਹਵਾ ਮਨੁੱਖ ਲਈ ਬਹੁਤ ਮਾੜੀ ਹੈ, ਲੰਬੇ ਸਮੇਂ ਤੱਕ ਸੰਪਰਕ ’ਚ ਰਹਿਣ ’ਤੇ ਸਾਹ ਦੀ ਬਿਮਾਰੀ ਹੋ ਸਕਦੀ ਹੈ। 401-500 ਏਕਿਊਆਈ ਵਾਲੀ ਹਵਾ ਸਿਹਤਮੰਦ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਮੌਜੂਦਾ ਬਿਮਾਰੀਆਂ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ। ਦੱਸਣਯੋਗ ਹੈ ਕਿ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਰਾਹੀਂ ਹਵਾ ਦੀ ਗੁਣਵੱਤਾ ਦਾ ਰੋਜ਼ਾਨਾ ਮਾਪਿਆ ਜਾਂਦਾ ਹੈ, ਜੋ ਕਿ ਦਰਸਾਉਂਦਾ ਹੈ ਕਿ ਹਵਾ ਕਿੰਨੀ ਸਾਫ਼ ਜਾਂ ਪ੍ਰਦੂਸ਼ਿਤ ਹੈ ਤੇ ਸਿਹਤ ’ਤੇ ਸੰਭਾਵੀ ਸਿਹਤ ਪ੍ਰਭਾਵਾਂ ਬਾਰੇ ਦੱਸਦਾ ਹੈ।

ਜ਼ਿਲ੍ਹਾ : ਸਾਲ 2023 : 2024

ਅੰਮ੍ਰਿਤਸਰ : 171 : 172

ਬਠਿੰਡਾ : 77 : 173

ਜਲੰਧਰ : 124 : 151

ਖੰਨਾ : 100 : 126

ਲੁਧਿਆਣਾ : 107 : 134

ਮੰਡੀ ਗੋਬਿੰਦਗੜ੍ਹ : 167 : 170

ਪਟਿਆਲਾ : 136 : 189

ਰੂਪਨਗਰ : 124 : 134

Leave a Reply

Your email address will not be published. Required fields are marked *