ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ੁੱਕਰਵਾਰ ਨੂੰ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਫਲਾਈਟ (UK17) ਨੂੰ ਬੰਬ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਫਲਾਈਟ ਨੂੰ ਫਰੈਂਕਫਰਟ ‘ਚ ਉਤਾਰਿਆ ਗਿਆ ਹੈ।
ਸ਼ਨੀਵਾਰ ਸਵੇਰੇ ਇਹ ਜਾਣਕਾਰੀ ਦਿੰਦੇ ਹੋਏ ਵਿਸਤਾਰਾ ਦੇ ਬੁਲਾਰੇ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਫਲਾਈਟ ਦੀ ਫਰੈਂਕਫਰਟ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਦੀ ਲਾਜ਼ਮੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਦੀ ਜਾਂਚ ਤੋਂ ਬਾਅਦ ਫਲਾਈਟ ਲੰਡਨ ਲਈ ਰਵਾਨਾ ਹੋਵੇਗੀ।
ਅਕਾਸਾ ਏਅਰ ਦੀ ਫਲਾਈਟ ਨੂੰ ਵੀ ਧਮਕੀ ਮਿਲੀ ਹੈ
ਅਕਾਸਾ ਏਅਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਦੋਂ ਫਲਾਈਟ QP 1366 ਨੇ ਬੈਂਗਲੁਰੂ ਤੋਂ ਮੁੰਬਈ ਲਈ ਉਡਾਣ ਭਰੀ ਸੀ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਦੇ ਬੰਬ ਦੀ ਧਮਕੀ ਮਿਲੀ ਸੀ। ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਜਿਹੀਆਂ 40 ਧਮਕੀਆਂ ਮਿਲ ਚੁੱਕੀਆਂ ਹਨ ਪਰ ਇਹ ਸਭ ਸਿਰਫ ਅਫਵਾਹਾਂ ਹੀ ਸਾਬਤ ਹੋਈਆਂ ਹਨ।