ਮੋਗਾ : ਪੰਚਾਇਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬਹੁਤੇ ਪਿੰਡਾਂ ਦੇ ਲੋਕ ਆਪਣੇ ਪਿੰਡ ਦੀ ਪੰਚਾਇਤ ਚੁਣਨ ਲਈ ਬੇਹੱਦ ਉਤਾਵਲੇ ਹਨ। ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਜਿੱਥੇ ਕਈ ਪਿੰਡਾਂ ਅੰਦਰ ਨਾਮਜ਼ਦਗੀਆਂ ਵੇਲੇ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ ਉਥੇ ਹੀ ਉਨ੍ਹਾਂ ਪਿੰਡਾਂ ਅੰਦਰ ਜ਼ਿਲਾਂ ਪ੍ਰਸ਼ਾਸਨ ਵੱਲੋਂ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੁਤਾਹੀ ਨਾ ਹੋਵੇ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਕਰਨ, ਕਿਸੇ ਵੀ ਸਬੰਧਤ ਵਿਅਕਤੀ ਵੱਲੋਂ ਮੋਬਾਈਲ ਫ਼ੋਨ, ਕੋਰਡ ਰਹਿਤ ਫ਼ੋਨ, ਵਾਇਰਲੈੱਸ ਸੈੱਟ, ਲਾਊਡ ਸਪੀਕਰ, ਮੈਗਾਫ਼ੋਨ ਆਦਿ ਦੀ ਵਰਤੋਂ ਕਰਨ, ਪ੍ਰਚਾਰ ਕਰਨ, ਪੋਸਟਰ, ਬੈਨਰ ਆਦਿ ਲਗਾਉਣ ‘ਤੇ ਪਾਬੰਦੀ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।