ਜਲੰਧਰ – ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕਾਂ ‘ਚ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਸੂਹਾ ਦੀਆਂ ਸਮੂਹ ਪੰਚਾਇਤਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬਲਾਕ ਟਾਂਡਾ ਦੇ ਪਿੰਡ ਮੂਨਕ ਕਲਾਂ ਸਮੇਤ 90 ਪਿੰਡਾਂ ‘ਚ ਪੰਚਾਇਤੀ ਚੋਣਾਂ ਦੀ ਸ਼ੁਰੂਆਤ ਹੋ ਗਈ। ਸਵੇਰ ਦੇ ਸਮੇਂ ਹੀ ਵੋਟਾਂ ਲਈ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦਿਵਿਆਂਗ ਲੋਕ ਵੀ ਪੋਲਿੰਗ ਬੂਥਾਂ ‘ਤੇ ਵੋਟ ਪਾਉਣ ਲਈ ਪਹੁੰਚ ਰਹੇ ਹਨ। ਕਈ ਥਾਵਾਂ ‘ਤੇ ਜਿੱਥੇ ਅਮਨ-ਅਮਾਨ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਹੈ, ਉੱਥੇ ਹੀ ਕਈ ਥਾਵਾਂ ‘ਤੇ ਲੜਾਈ-ਝਗੜੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਤਰਨਤਾਰਨ ‘ਚ ਗੋਲੀਆਂ ਵੀ ਚੱਲ ਗਈਆਂ।
ਪੰਜਾਬ ‘ਚ 10 ਵਜੇ ਤੱਕ ਕੁੱਲ 10.5 ਫ਼ੀਸਦੀ ਵੋਟਿੰਗ
ਗੁਰਦਾਸਪੁਰ ‘ਚ 8 ਫ਼ੀਸਦੀ, ਬਠਿੰਡਾ ‘ਚ 14 ਫ਼ੀਸਦੀ, ਲੁਧਿਆਣਾ ‘ਚ 10 ਫ਼ੀਸਦੀ, ਬਰਨਾਲਾ ‘ਚ 7.16 ਫ਼ੀਸਦੀ
ਮੁੱਲਾਂਪੁਰ ਦਾਖਾ ਦੇ ਪਿੰਡ ਸੁਧਾਰ ਅਤੇ ਘੁਮਾਣ ‘ਚ ਚੋਣ ਨਿਸ਼ਾਨ ਬਦਲੇ ਹੋਣ ਕਾਰਨ 2 ਘੰਟੇ ਰੁਕੀ ਰਹੀ ਵੋਟਿੰਗ
ਗੁਰਦਾਸਪੁਰ ‘ਚ ਵੋਟਾਂ ਦੌਰਾਨ ਆਏ ਬਾਹਰੀ ਵਿਅਕਤੀਆਂ ਦਾ ਪਿੰਡ ਬੱਬੇਹਾਲੀ ਦੇ ਲੋਕਾਂ ਵੱਲੋਂ ਵਿਰੋਧ, SSP ਨੇ ਦਿੱਤੀ ਸਖ਼ਤ ਚਿਤਾਵਨੀ
ਲੁਧਿਆਣਾ ਦੇ 2 ਪਿੰਡਾਂ ਦੀ ਪੰਚਾਇਤੀ ਚੋਣ ਰੱਦ
ਲੁਧਿਆਣਾ ਦੇ ਪਿੰਡ ਡੱਲਾ ਅਤੇ ਪੋਨਾਂ ਦੀ ਸਰਪੰਚੀ ਚੋਣ ਰੱਦ ਕਰ ਦਿੱਤੀ ਗਈ ਹੈ। ਨਾਮਜ਼ਦਗੀ ਪੱਤਰਾਂ ‘ਚ ਇਤਰਾਜ਼ਾਂ ਦੇ ਚੱਲਦਿਆਂ ਦੋਹਾਂ ਪਿੰਡਾਂ ਦੀ ਚੋਣ ਰੱਦ ਕੀਤੀ ਗਈ ਹੈ।
ਤਰਨਤਾਰਨ ‘ਚ ਚੱਲੀਆਂ ਗੋਲੀਆਂ
ਤਰਨਤਾਰਨ ‘ਚ ਵੋਟਾਂ ਪੈਣ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸੋਹਲ ਸੈਣ ਭਗਤ ‘ਚ ਲਾਈਨਾ ‘ਚ ਲੱਗਣ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ‘ਚ ਇਕ ਗੰਭੀਰ ਜ਼ਖ਼ਮੀ ਹੋ ਗਿਆ।