ਪੰਚਾਇਤ ਚੋਣਾਂ: ‘ਆਪ’ ਵੱਲੋਂ 58 ਫ਼ੀਸਦ ਉਮੀਦਵਾਰਾਂ ਨੂੰ ਥਾਪੜਾ

ਚੰਡੀਗੜ੍ਹ, ਬੇਸ਼ੱਕ ਪੰਚਾਇਤ ਚੋਣਾਂ ’ਚ ਉਮੀਦਵਾਰ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣਾਂ ਨਹੀਂ ਲੜ ਰਹੇ ਹਨ ਪਰ ਸਿਆਸੀ ਧਿਰਾਂ ਨੇ ਆਪੋ-ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਅਹਿਮ ਸੂਚਨਾ ਅਨੁਸਾਰ ਪੰਜਾਬ ਭਰ ’ਚ 58 ਫ਼ੀਸਦੀ ਉਮੀਦਵਾਰ, ਜੋ ਚੋਣ ਮੈਦਾਨ ’ਚ ਹਨ ਜਾਂ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ, ਦਾ ਤੁਅੱਲਕ ਆਮ ਆਦਮੀ ਪਾਰਟੀ ਨਾਲ ਹੈ। ਪੰਜਾਬ ਸਰਕਾਰ ਤਰਫ਼ੋਂ ਇੱਕ ਖ਼ੁਫ਼ੀਆ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ’ਚ ਇਹ ਅੰਕੜਾ ਸਾਹਮਣੇ ਆਇਆ ਹੈ। ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਨੇ ਦੋ ਦਿਨਾਂ ਤੋਂ ਇਹ ਵੇਰਵੇ ਇਕੱਤਰ ਕਰਨੇ ਸ਼ੁਰੂ ਕੀਤੇ ਹੋਏ ਹਨ ਅਤੇ ਸ਼ਾਮ ਤੱਕ ਜੋ ਵੇਰਵੇ ਸਾਹਮਣੇ ਆਏ ਹਨ, ਉਸ ਅਨੁਸਾਰ ਸੂਬੇ ਵਿਚ ਸਭ ਤੋਂ ਵੱਧ ਸੱਤਾਧਾਰੀ ਧਿਰ ਦੇ 58 ਫ਼ੀਸਦੀ ਉਮੀਦਵਾਰ ਹਨ। ਦੂਸਰੇ ਨੰਬਰ ’ਤੇ 18 ਫ਼ੀਸਦੀ ਉਮੀਦਵਾਰ ਕਾਂਗਰਸ ਨਾਲ ਸਬੰਧਤ ਹਨ ਜਦੋਂ ਕਿ 16 ਫ਼ੀਸਦੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਤੁਅੱਲਕ ਰੱਖਦੇ ਹਨ। ਭਾਜਪਾ ਦੇ ਸਿਰਫ਼ 8 ਫ਼ੀਸਦੀ ਹੀ ਉਮੀਦਵਾਰ ਹਨ। ਸਰਕਾਰੀ ਹਲਕੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਪਰ ਚੋਣ ਮੈਦਾਨ ’ਚ ਡਟੇ ਇਨ੍ਹਾਂ ਉਮੀਦਵਾਰਾਂ ਨੂੰ ਕਿਸੇ ਨਾ ਕਿਸੇ ਸਿਆਸੀ ਧਿਰ ਦਾ ਥਾਪੜਾ ਹੈ। ਪੰਜਾਬ ਕਾਂਗਰਸ ਆਖ ਚੁੱਕੀ ਹੈ ਕਿ ਕਈ ਹਲਕਿਆਂ ਵਿਚ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਪੰਚਾਂ ਸਰਪੰਚਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰਨ ਦਿੱਤੇ ਗਏ। ਹਾਕਮ ਧਿਰ ਵੀ ਬਹੁਤੇ ਪਿੰਡਾਂ ਵਿਚ ਆਪਣੇ ਉਮੀਦਵਾਰ ਉਤਾਰ ਨਹੀਂ ਸਕੀ। ਇਨ੍ਹਾਂ ਚੋਣਾਂ ਆਮ ਆਦਮੀ ਪਾਰਟੀ ਦੀ ਦਿਲਚਸਪੀ ਜ਼ਿਆਦਾ ਹੈ ਕਿਉਂਕਿ ਹਕੂਮਤ ਦੌਰਾਨ ਪਾਰਟੀ ਦੀ ਪਹਿਲੀ ਪੰਚਾਇਤੀ ਚੋਣ ਹੈ। ਪਤਾ ਲੱਗਾ ਹੈ ਕਿ ਖ਼ੁਫ਼ੀਆ ਵਿੰਗ ਨੇ ਵਿਸਥਾਰ ਵਿਚ ਅੰਕੜਾ ਇਕੱਠਾ ਕੀਤਾ ਹੈ।

Leave a Reply

Your email address will not be published. Required fields are marked *