ਐੱਸਏਐੱਸ ਨਗਰ (ਮੁਹਾਲੀ),ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇੇ ਜਿਨ੍ਹਾਂ 250 ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਅਮਲ ’ਤੇ 14 ਅਕਤੂਬਰ ਤੱਕ ਰੋਕ ਲਾਈ ਹੈ, ਉਨ੍ਹਾਂ ਵਿਚ ਮੁਹਾਲੀ ਬਲਾਕ ਦੇ ਪਿੰਡ ਪਾਪੜੀ ਦੀ ਗਰਾਮ ਪੰਚਾਇਤ ਵੀ ਸ਼ਾਮਲ ਹੈ। ਹਾਈ ਕੋਰਟ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ’ਚ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਸਬੰਧੀ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਮੁਹਾਲੀ ਕੇਸ ਨਾਲ ਜੋੜ ਦਿੱਤਾ ਹੈ। ਪੰਚਾਇਤ ਚੋਣਾਂ ’ਤੇ ਰੋਕ ਸਬੰਧੀ ਹੁਕਮ ਪਿੰਡ ਵਾਸੀ ਰਾਜਦੀਪ ਕੌਰ ਅਤੇ ਹੋਰਨਾਂ ਦੀ ਪਟੀਸ਼ਨ ’ਤੇ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ ਨੇ ਪਿੰਡ ਪਾਪੜੀ ਵਿੱਚ ਸਰਪੰਚੀ ਦੀ ਉਮੀਦਵਾਰ ਬੀਬੀ ਸਵਰਨ ਕੌਰ ਦੇ ਨਾਮਜ਼ਦਗੀ ਪੱਤਰਾਂ ਨੂੰ ਛੱਡ ਕੇ ਪਟੀਸ਼ਨਰ ਰਾਜਦੀਪ ਕੌਰ, ਰਮਨਜੀਤ ਕੌਰ, ਪਰਦੀਪ ਸਿੰਘ, ਮਨਦੀਪ ਸਿੰਘ (ਸਾਰੇ ਪੰਚ) ਦੇ ਫਾਰਮ ਰੱਦ ਕਰ ਦਿੱਤੇ ਸਨ। ਇਹ ਸਾਰੇ ਇੱਕ ਗਰੁੱਪ ਦੇ ਉਮੀਦਵਾਰ ਸਨ। ਪੀੜਤਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਫ਼ੀ ਤਰਲੇ ਕੱਢੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ। ਲਿਹਾਜ਼ਾ ਉਨ੍ਹਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।
ਪੰਚਾਇਤ ਚੋਣਾਂ: ਹਾਈ ਕੋਰਟ ਨੇ ਸਾਰੀਆਂ ਪਟੀਸ਼ਨਾਂ ਮੁਹਾਲੀ ਕੇਸ ਨਾਲ ਜੋੜੀਆਂ
