ਜੰਮੂ/ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ 46 ਸੀਟਾਂ ‘ਤੇ ਅੱਗੇ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) 23 ਸੀਟਾਂ ‘ਤੇ ਅੱਗੇ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਸ਼ੁਰੂਆਤੀ ਰੁਝਾਨਾਂ ਮੁਤਾਬਕ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਕੇਂਦਰ ਸ਼ਾਸਤ ਪ੍ਰਦੇਸ਼ ‘ਚ ਤਿੰਨ ਸੀਟਾਂ ‘ਤੇ ਅੱਗੇ ਹੈ, ਜਦਕਿ ਆਜ਼ਾਦ ਉਮੀਦਵਾਰ ਅੱਠ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਵੱਲੋਂ 90 ਵਿੱਚੋਂ 64 ਸੀਟਾਂ ਲਈ ਦਿੱਤੇ ਗਏ ਅੰਕੜਿਆਂ ਮੁਤਾਬਕ ਨੈਸ਼ਨਲ ਕਾਨਫਰੰਸ (ਐਨਸੀ) 39 ਸੀਟਾਂ ’ਤੇ ਅੱਗੇ ਹੈ, ਜਦਕਿ ਉਸ ਦੀ ਭਾਈਵਾਲ ਕਾਂਗਰਸ ਸੱਤ ਸੀਟਾਂ ’ਤੇ ਅੱਗੇ ਹੈ।
ਬਹੁਜਨ ਸਮਾਜ ਪਾਰਟੀ (ਬਸਪਾ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਪੀਪਲਜ਼ ਕਾਨਫਰੰਸ ਅਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਨੇ ਵੀ ਇੱਕ-ਇੱਕ ਸੀਟ ਨਾਲ ਆਪਣੀ ਬੜਤ ਬਣਾ ਲਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਮੋਹਰੀ ਰਹਿਣ ਵਾਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਐੱਨਸੀ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ, ਸੂਬਾ ਕਾਂਗਰਸ ਪ੍ਰਧਾਨ ਤਾਰਿਕ ਹਮੀਦ ਕਾਰਾ, ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਅਤੇ ਸੀਪੀਆਈ (ਐਮ) ਆਗੂ ਐਮਵਾਈ ਤਾਰੀਗਾਮੀ ਅਤੇ ਭਾਜਪਾ ਦੇ ਸਾਬਕਾ ਮੰਤਰੀ ਸ਼ਾਮ ਲਾਲ ਸ਼ਰਮਾ ਅਤੇ ਦੇਵੇਂਦਰ ਸਿੰਘ ਰਾਣਾ ਸ਼ਾਮਲ ਹਨ।
ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰਾ ਹਲਕੇ ਤੋਂ ਆਪਣੇ ਨੇੜਲੇ ਐਨਸੀ ਵਿਰੋਧੀ ਸੁਰਿੰਦਰ ਚੌਧਰੀ ਤੋਂ 2,797 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਜੰਮੂ-ਕਸ਼ਮੀਰ ਦੀਆਂ 90 ਸੀਟਾਂ ਲਈ 28 ਗਿਣਤੀ ਕੇਂਦਰਾਂ ‘ਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਸੂਬੇ ‘ਚ ਵਿਧਾਨ ਸਭਾ ਚੋਣਾਂ ਲਈ ਤਿੰਨ ਪੜਾਵਾਂ ‘ਚ ਵੋਟਿੰਗ ਹੋਈ।