ਹਰਿਆਣਾ : ਹਰਿਆਣਾ ‘ਚ ਵੋਟਿੰਗ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਕਾਂਗਰਸ ‘ਤੇ ਵੋਟਰਾਂ ਨੂੰ ਧੋਖਾ ਦੇ ਕੇ ਸੂਬੇ ਨੂੰ ਲੁੱਟਣ ਦੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ। ਸੈਣੀ ਨੇ ਵੋਟਿੰਗ ਵਾਲੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਕਾਂਗਰਸ ਝੂਠ ਅਤੇ ਲੁੱਟ ਦੀ ਰਾਜਨੀਤੀ ਕਰਦੀ ਹੈ ਅਤੇ ਹਰਿਆਣਾ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ। ਉਨ੍ਹਾਂ (ਲੋਕਾਂ) ਨੇ ਹਰਿਆਣਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਤੀਜੀ ਵਾਰ ਲਿਆਉਣ ਦਾ ਮਨ ਬਣਾ ਲਿਆ ਹੈ।”
ਸੈਣੀ ਵੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਲੋਕਾਂ ਵਿੱਚ ਸ਼ਾਮਲ ਰਹੇ। ਉਹ ਆਪਣੀ ਪਤਨੀ ਸੁਮਨ ਨਾਲ ਪੋਲਿੰਗ ਬੂਥ ‘ਤੇ ਪਹੁੰਚੇ ਅਤੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ‘ਚ ਆਪਣੇ ਜੱਦੀ ਪਿੰਡ ਮਿਰਜ਼ਾ ‘ਚ ਉਹਨਾਂ ਨੇ ਵੋਟ ਪਾਈ। ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਲਈ ਸ਼ਨੀਵਾਰ ਸਵੇਰੇ 7 ਵਜੇ ਸਖਤ ਸੁਰੱਖਿਆ ਵਿਚਕਾਰ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੈਣੀ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਤੋਂ ਚੋਣ ਲੜ ਰਹੇ ਹਨ। ਆਪਣੀ ਵੋਟ ਪਾਉਣ ਤੋਂ ਪਹਿਲਾਂ ਸੈਣੀ ਨੇ ਆਪਣੇ ਪਿੰਡ ਦੇ ਗੁਰੂ ਰਵਿਦਾਸ ਮੰਦਰ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਸੈਣੀ ਨੇ ਪੱਤਰਕਾਰਾਂ ਨੂੰ ਕਿਹਾ, “ਹਰਿਆਣਾ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ, ਭਾਜਪਾ ਭਾਰੀ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ।”