ਤਪਾ ਮੰਡੀ : ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਤੇ ਹੋਰ ਜਥੇਬੰਦੀਆਂ ਦੇ ਸੱਦੇ ‘ਤੇ ਪੂਰੇ ਪੰਜਾਬ ‘ਚ ਆੜ੍ਹਤੀਆ ਐਸੋਸੀਏਸ਼ਨ ਹੜਤਾਲ ‘ਤੇ ਚੱਲ ਰਹੀ ਹੈ। ਆੜ੍ਹਤੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਮੰਡੀਆਂ ‘ਚ ਝੋਨੇ ਦੀ ਅਣਲੋਡਿੰਗ ਤੇ ਸਾਫ-ਸਫਾਈ ਨਹੀਂ ਕਰਨਗੇ। ਇਸ ਸਬੰਧੀ ਵੱਖ-ਵੱਖ ਮੰਡੀਆਂ ‘ਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਲਿਖ ਕੇ ਮੈਮੋਰੰਡਮ ਦਿੱਤੇ ਜਾ ਰਹੇ ਹਨ। ਪੰਜਾਬ ਪ੍ਰਧਾਨ ਵਿਜੇ ਕਾਲੜਾ, ਰਵਿੰਦਰ ਚੀਮਾ ਦੀ ਅਗਵਾਈ ‘ਚ ਪੰਜਾਬ ਸਰਕਾਰ ਨਾਲ ਦੋ ਤਿੰਨ ਵਾਰ ਹੜਤਾਲ ਨੂੰ ਖੁੱਲ੍ਹਵਾਉਣ ਤੇ ਮੰਗਾਂ ਮਨਵਾਉਣ ਸਬੰਧੀ ਮੀਟਿੰਗ ਹੋ ਚੁੱਕੀ ਹੈ ਪਰ ਅਜੇ ਤਕ ਕੋਈ ਹੱਲ ਨਿਕਲ ਨਹੀਂ ਸਕਿਆ। ਹੁਣ ਜਿੱਥੇ ਇਹ ਹੜਤਾਲ ਲੰਮੀ ਖਿੱਚਦੀ ਦਿਖਾਈ ਦੇ ਰਹੀ ਹੈ। ਆੜ੍ਹਤੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਓਨਾ ਚਿਰ ਹੜਤਾਲ ਨਹੀਂ ਖੋਲ੍ਹਣਗੇ।
ਉਨ੍ਹਾਂ ਦੱਸਿਆ ਕਿ ਆੜ੍ਹਤੀਆ ਐਸੋਸ਼ੀਏਸ਼ਨ ਤਪਾ ਦਾ ਵਫਦ ਮਾਰਕੀਟ ਕਮੇਟੀ ਦੇ ਸੈਕਟਰੀ ਹਰਦੀਪ ਸਿੰਘ ਨੂੰ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਦੀ ਅਗਵਾਈ ‘ਚ ਮੈਮੋਰੰਡਮ ਦੇਣ ਗਿਆ ਪਰ ਉੱਥੇ ਮਾਰਕੀਟ ਕਮੇਟੀ ਦੇ ਸੈਕਟਰੀ ਚੋਣਾਂ ‘ਚ ਰੁੱਝੇ ਹੋਣ ਦਾ ਹਵਾਲਾ ਦਿੱਤਾ ਅਤੇ ਮੈਮੋਰੈਂਡਮ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਨੂੰ ਦੇ ਕੇ ਡੰਗ ਟਪਾਉਣਾ ਪਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲੇ ਤਕ ਮਾਲਵੇ ਦੀਆਂ ਮੰਡੀਆਂ ‘ਚ ਜੀਰੀ ਦੀ ਕਟਾਈ ਦਾ ਕੰਮ ਓਨੀ ਤੇਜ਼ੀ ਨਾਲ ਨਹੀਂ ਚੱਲਿਆ ਪਰ ਆਉਣ ਵਾਲੇ ਦਿਨਾਂ ‘ਚ ਜੀਰੀ ਦੀ ਕਟਾਈ ਦਾ ਕੰਮ ਵੱਡੀ ਪੱਧਰ ‘ਤੇ ਸ਼ੁਰੂ ਹੋਣ ਵਾਲਾ ਹੈ। ਜੇ ਸਮਾਂ ਰਹਿੰਦਿਆਂ ਸਰਕਾਰ ਨੇ ਕੋਈ ਪਹਿਲਕਦਮੀ ਨਾ ਕੀਤੀ ਤੇ ਆੜ੍ਹਤੀਆਂ ਨੇ ਆਪਣੀ ਹੜਤਾਲ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ‘ਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤੇ ਮੰਡੀਆਂ ਨੱਕੋ ਨੱਕ ਭਰ ਜਾਣ ‘ਤੇ ਕਿਸਾਨ ਸੜਕਾਂ ‘ਤੇ ਉੱਤਰ ਆਉਣਗੇ। ਇਸ ਮੌਕੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ,ਮਨੋਜ ਕੁਮਾਰ, ਮਨੀਸ਼ ਮਿੱਤਲ, ਸੋਨੂ ਮੌੜ, ਯੋਗੇਸ਼ ਕੁਮਾਰ ,ਰਿਚੀ ਭੱਟਾ, ਜਵਾਹਰ ਲਾਲ ਨਹਿਰੂ, ਅਸ਼ੋਕ ਕੁਮਾਰ ਮੌਲਾ ਮੌੜ, ਮਨੀਸ਼ ਕੁਮਾਰ ਬਾਂਸਲ, ਸੰਦੀਪ ਕੁਮਾਰ, ਦੀਪਕ ਕੁਮਾਰ ਹਾਜ਼ਰ ਸਨ।