ਅੰਮ੍ਰਿਤਸਰ: ਅੱਸੂ ਦੇ ਪਹਿਲੇ ਨਰਾਤੇ ਤੋਂ ਸ਼ੁਰੂ ਹੋਏ 10 ਦਿਨਾਂ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿਚ ਪੂਰੇ ਉੱਤਰੀ ਭਾਰਤ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਸ਼੍ਰੀ ਦੁਰਗਿਆਣਾ ਤੀਰਥ ਦੇ ਸ਼੍ਰੀ ਵੱਡਾ ਹਨੂੰਮਾਨ ਮੰਦਰ ’ਚ ਮੱਥਾ ਟੇਕਣ ਲਈ ਪਹੁੰਚੇ। ਸਵੇਰੇ ਸ਼੍ਰੀ ਹਨੂੰਮਾਨ ਜੀ ਦਾ ਸ਼ਿੰਗਾਰ ਕੀਤਾ ਗਿਆ ਤੇ ਲੱਡੂਆਂ ਦੇ ਨਾਲ ਭੋਗ ਲਗਾਉਣ ਤੋਂ ਬਾਅਦ ਮੇਲੇ ਦੀ ਸ਼ੁਰਆਤ ਕੀਤੀ ਗਈ, ਸਵੇਰੇ ਤੜਕੇ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਮੱਥਾ ਟੇਕਣ ਲਈ ਲੱਗੀਆਂ ਰਹੀਆਂ ਅਤੇ ਸ਼੍ਰੀ ਗਿਰੀਰਾਜ ਸੇਵਾ ਸੰਘ ਦੇ ਸੇਵਾਦਾਰ ਤੜਕੇ ਸੇਵਾ ਵਿਚ ਲੱਗੇ ਰਹੇ। ਅੱਜ ਪਹਿਲੇ ਨਰਾਤੇ ਸ਼੍ਰੀ ਵੱਡਾ ਹਨੂੰਮਾਨ ਮੰਦਰ ਸਵੇਰੇ ਤੜਕੇ ਖੋਲਿਆ ਗਿਆ। ਦੱਸਣਯੋਗ ਹੈ ਕਿ ਸ਼੍ਰੀ ਵੱਡਾ ਹਨੂੰਮਾਨ ਮੰਦਰ ਪੂਰੇ ਉੱਤਰੀ ਭਾਰਤ ਦਾ ਇਕੋ ਅਜਿਹਾ ਮੰਦਰ ਹੈ, ਜਿੱਥੇ ਹਰ ਸਾਲ ਲੰਗੂਰ ਮੇਲਾ ਲੱਗਦਾ ਹੈ ਤੇ ਸ਼ਰਧਾਲੂ ਮੇਲੇ ਦੌਰਾਨ ਸਨਤਾਨ ਪ੍ਰਾਪਤੀ ਲਈ ਮੰਨਤ ਮੰਗਦੇ ਹਨ ਅਤੇ ਮੰਨਤ ਪੂਰੀ ਹੋਣ ਤੇ ਸ਼ਰਧਾਲੂ ਆਪਣੇ ਬੱਚਿਆਂ ਨੂੰ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਵਾ ਕੇ ਪੂਜਾ ਕਰਨ ਤੋਂ ਬਾਅਦ ਲੰਗੂਰਾਂ ਦੀ ਵਰਦੀ ਪਾ ਕੇ ਮੰਦਰ ’ਚ ਮੱਥਾ ਟੇਕਣ ਲਈ ਆਉਂਦੇ ਹਨ। ਲੰਗੂਰ ਬਣਨ ਵਾਲ਼ੇ ਬੱਚਿਆਂ ਨੂੰ ਪਹਿਲਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਵਾਇਆ ਗਿਆ ਤੇ ਪੂਜਾ ਕਰਨ ਤੋਂ ਬਾਅਦ ਹੀ ਲੰਗੂਰ ਦੀ ਵਰਦੀ ਪਹਿਨਾਈ ਗਈ ਤੇ ਢੋਲ ਦੀ ਥਾਪ ‘ਤੇ ਨੱਚਦੇ-ਟੱਪਦੇ ਲੰਗੂਰ ਬਣੇ ਬੱਚਿਆਂ ਨੇ ਪਰਿਵਾਰਾਂ ਦੇ ਨਾਲ ਸ਼੍ਰੀ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ। 10 ਦਿਨ ਚੱਲਣ ਵਾਲੇ ਇਸ ਲੰਗੂਰ ਮੇਲੇ ਵਿਚ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਸਵੇਰੇ ਸ਼ਾਮ ਮੱਥਾ ਟੇਕਦੇ ਹਨ ਅਤੇ ਦੁਸਹਿਰੇ ਤੋਂ ਅਗਲੇ ਦਿਨ ਮੱਥਾ ਟੇਕ ਕੇ ਹੀ ਲੰਗੂਰ ਦੀ ਵਰਦੀ ਉਤਾਰੀ ਜਾਂਦੀ ਹੈ। ਇਹ ਵੀ ਦੱਸਣਯੋਗ ਹੈ ਕਿ ਇਸ ਮੰਦਰ ਦਾ ਇਤਿਹਾਸ ਰਾਮਾਇਣ ਕਾਲ ਨਾਲ ਜੁੜਿਆ ਹੋਇਆ ਹੈ, ਰਾਮਾਇਣ ਕਾਲ ਦੌਰਾਨ ਜਿਸ ਵੇਲੇ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ ਸੀ, ਤਾਂ ਲਵ-ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਨਾਲ ਬੰਨ ਦਿੱਤਾ, ਇੱਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ਤੇ ਪੁੱਜੇ ਅਤੇ ਲਵ-ਕੁਸ਼ ਨਾਲ ਗੱਲਬਾਤ ਕਰਨ ਤੇ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋਇਆ ਕਿ ਇਹ ਸ਼੍ਰੀ ਰਾਮ ਜੀ ਦੇ ਬੱਚੇ ਹਨ, ਇਸੇ ਦੌਰਾਨ ਹਨੂੰਮਾਨ ਜੀ ਨੇ ਪਿਆਰ ਵੱਸ ਹੋ ਕੇ ਲ਼ਵ-ਕੁਸ਼ ਨੂੰ ਕੁਝ ਨਹੀਂ ਕਿਹਾ ਤੇ ਲਵ-ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਇਸੇ ਮੰਦਰ ਸਥਾਨ ਵਿਚ ਸਥਿਤ ਵੱਟ (ਦਰਖਤ) ਨਾਲ ਬਣਿਆ ਸੀ ਅਤੇ ਇਸੇ ਹੀ ਵੱਟ (ਦਰਖਤ) ਤੇ ਸ਼ਰਧਾਲੂ ਸਨਤਾਨ ਪ੍ਰਾਪਤੀ ਲਈ ਮੌਲੀ ਬੰਨ੍ਹ ਕੇ ਮੰਨਤ ਮੰਗਦੇ ਹਨ ਅਤੇ ਮੰਨਤ ਪੂਰੀ ਹੋਣ ਤੇ ਬੱਚਿਆਂ ਨੂੰ ਲੰਗੂਰ ਬਣਾ ਕੇ ਅੱਸੂ ਦੇ ਪਹਿਲੇ ਨਰਾਤੇ ਤੋਂ ਦੁਸਿਹਰੇ ਤੱਕ ਸਵੇਰੇ-ਸ਼ਾਮ ਢੋਲ ਦੀ ਥਾਪ ਤੇ ਨੱਚਦੇ-ਟੱਪਦੇ ਨੰਗੇ ਪੈਰੀਂ ਮੱਥਾ ਟੇਕਣ ਲਈ ਆਉਂਦੇ ਹਨ। ਇਹ ਵੀ ਦੱਸਣਯੋਗ ਹੈ ਕਿ ਇਸੇ ਮੰਦਰ ਵਿਚ ਸ਼੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ਵਿਚ ਮੂਰਤੀ ਹੈ, ਜਿਥੇ ਸ਼ਰਧਾਲੂ ਮੱਥਾ ਟੇਕਦੇ ਹਨ। ਬੱਚਿਆਂ ਨੂੰ ਲੰਗੂਰ ਬਣਾਉਣ ਲਈ ਮਾਪਿਆਂ ਨੂੰ ਬਹੁਤ ਹੀ ਸਖਤ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਂਦੀ ਹੈ, ਜਿਸਦੇ ਨਾਲ ਹਰ ਰੋਜ਼ ਨਿਯਮਾਂ ਮੁਤਾਬਿਕ ਹੀ ਖਾਣਾ ਤੇ ਮੱਥਾ ਟੇਕਣਾ ਹੁੰਦਾ ਹੈ ਤੇ ਲੰਗੂਰ ਮੇਲਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਲੰਗੂਰ ਬਣਨ ਵਾਲੇ ਬੱਚਿਆਂ ਦੇ ਮਾਪਿਆ ਵੱਲੋਂ ਮੰਦਰ ਆ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ ਤੇ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸ਼ਰਧਾਲੂ ਲੰਗੂਰਾਂ ਦੀ ਵਰਦੀ ਲੈਂਦੇ ਹਨ, ਲੰਗੂਰ ਮੇੇਲੇ ਵਿਚ ਵੱਡੀ ਗਿਣਤੀ ‘ਚ ਬੱਚੇ ਲੰਗੂਰ ਬਣੇ ਹਨ, ਜਿਨ੍ਹਾਂ ਵਿਚ ਲੜਕੀਆਂ ਵੀ ਲੰਗੂਰ ਬਣੀਆਂ ਹਨ ਤੇ ਸ਼ਰਧਾਲੂਆਂ ਵੱਲੋਂ ਸਨਤਾਨ ਪ੍ਰਾਪਤੀ ਲਈ ਮੰਗੀ ਮੰਣਤ ਚਾਹੇ ਪੁੱਤਰ ਜਾਂ ਧੀ ਦੋਨਾਂ ਵਿਚ ਕੋਈ ਫਰਕ ਨਾ ਦੇਖਦੇ ਹੋਏ ਸ਼ਰਧਾਲੂ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ ਤੇ ਧੀਆਂ ਨੂੰ ਵੀ ਲੰਗੂਰ ਬਣਾ ਕੇ ਸ਼ਰਧਾਲੂਆਂ ਨੇ ਸਮਾਜ ਵਿਚ ਧੀਆਂ ਦੇ ਮਾਨ-ਸਨਮਾਨ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਹੈ। ਸ਼ਰਧਾਲੂਆਂ ਵੱਲੋਂ ਸ਼੍ਰੀ ਹਨੂੰਮਾਨ ਜੀ ਨੂੰ ਮੋਤੀ ਚੂਰ ਦੇ ਲੱਡੂ ਪ੍ਰਸ਼ਾਦ ਦੇ ਰੂਪ ਵਿਚ ਲਿਆ ਕੇ ਭੋਗ ਲਗਾਇਆ ਗਿਆ ਤੇ ਜੈ ਸ਼੍ਰੀ ਰਾਮ, ਜੈ ਬਜਰੰਗ ਬਲੀ ਦੇ ਜੈਕਾਰੇ ਲਗਾਏ ਗਏ ਅਤੇ ਵੱਖ-ਵੱਖ ਟੋਲੀਆਂ ’ਚ ਬਜਰੰਗੀ ਸੈਨਾ ਨੇ ਨੱਚਦੇ-ਟੱਪਦੇ ਸ਼੍ਰੀ ਹਨੂੰਮਾਨ ਮੰਦਰ ਵਿਚ ਮੱਥਾ ਟੇਕਿਆ।
Related Posts
ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਸਹਿਮ
ਫ਼ਤਹਿਗੜ੍ਹ ਪੰਜਤੂਰ, ਨੀਮ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਸਦਕਾ ਦਰਿਆ ਸਤਲੁਜ ਵਿੱਚ ਪਾਣੀ ਦਾ ਪੱਧਰ ਫਿਰ ਤੋਂ…
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ‘ਚ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ
ਨਵੀਂ ਦਿੱਲੀ, 7 ਅਪ੍ਰੈਲ – ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ‘ਚ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਦੇਸ਼ ਵਾਸੀਆਂ…
ਸਰਹੱਦੀ ਖੇਤਰ ਦੇ ਕਿਸਾਨਾਂ ਨੇ ਕਸੂਰ ਨਾਲੇ ਰਾਹੀਂ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰਨ ਦੀ ਕੀਤੀ ਕੋਸ਼ਿਸ਼
ਖੇਮਕਰਨ, 16 ਜੁਲਾਈ (ਦਲਜੀਤ ਸਿੰਘ)- ਸਰਹੱਦੀ ਖੇਤਰ ਅੰਦਰ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਨੇ ਸਰਹੱਦੀ ਖੇਤਰ ‘ਚ ਪੈਂਦੇ ਕਸੂਰੀ ਨਾਲੇ ਰਾਹੀਂ…